ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਬਾਕਮਾਲ ਅਦਾਕਾਰ ਵਜੋਂ ਆਪਣੀ ਪ੍ਰਭਾਵੀ ਪਹਿਚਾਣ ਕਾਇਮ ਕਰਨ ਵਿਚ ਸਫ਼ਲ ਰਹੇ ਅਦਾਕਾਰ ਰਾਮ ਔਜਲਾ, ਜੋ ਅੱਜਕੱਲ੍ਹ ਕਲਰਜ਼ 'ਤੇ ਚੱਲ ਰਹੇ ਸੀਰੀਅਲ ‘ਜਨੂੰਨੀਅਤ’ ਨੂੰ ਵੀ ਚਾਰ ਚੰਨ ਲਾਉਣ ਵੱਲ ਵਧ ਚੁੱਕੇ ਹਨ।
‘ਡਰੀਮੀਯਾਤਾ ਪ੍ਰੋਡੋਕਸ਼ਨ ਹਾਊਸ’ ਦੇ ਬੈਨਰ ਹੇਠ ਨਿਰਮਾਤਰੀ ਸਰਗੁਣ ਮਹਿਤਾ ਅਤੇ ਰਵੀ ਦੂਬੇ ਵੱਲੋਂ ਨਿਰਮਿਤ ਕੀਤੇ ਜਾ ਰਹੇ ਇਸ ਸੀਰੀਅਲ ਵਿਚ ਅਦਾਕਾਰ ਰਾਮ ਔਜਲਾ ਸੱਚੇ ਅਸੂਲਾਂ ਦੇ ਪੱਕੇ ਰਹਿਣ ਵਾਲੇ ਅਤੇ ਕਿਸੇ ਵੀ ਗਲਤ ਗੱਲ 'ਤੇ ਸਖ਼ਤ ਸਟੈਂਡ ਲੈਣ ਵਾਲੇ ਪਰਿਵਾਰ ਮੁੱਖੀ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜੋ ਆਪਣੇ ਜਿੱਦੀ ਬੇਟੇ ਜੌਰਡਨ ਨੂੰ ਸਹੀ ਮਾਰਗਦਰਸ਼ਨ ਦੇਣ ਲਈ ਹਮੇਸ਼ਾ ਆਪਣਾ ਪੂਰਾ ਜ਼ੋਰ ਲਾਉਂਦੇ ਹਨ।
ਆਪਣੀ ਇਸੇ ਅਸੂਲਪ੍ਰਸਤੀ ਦੇ ਚਲਦਿਆਂ ਉਹਨ੍ਹਾਂ ਨੂੰ ਇਕ ਵੱਡੀ ਕਾਲਜ ਦੀ ਟਰੱਸਟੀ ਅਤੇ ਗਲਤ ਫੈਸਲੇ ਲੈਣ ਦੀ ਆਦੀ ਹੋ ਚੁੱਕੀ ਆਪਣੀ ਪਤਨੀ ਦੀ ਵੀ ਨਾਰਾਜਗੀ ਮੁੱਲ ਲੈਣੀ ਪੈਂਦੀ ਹੈ, ਜੋ ਆਪਣੇ ਬੇਟੇ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਗਲਤ ਹਰਕਤਾਂ ਨੂੰ ਵੀ ਹਮੇਸ਼ਾ ਜਾਇਜ਼ ਤਾਂ ਠਹਿਰਾਉਂਦੀ ਹੀ ਹੈ , ਨਾਲ ਹੀ ਉਨਾਂ ਵਿਚ ਸਹਿਭਾਗੀ ਵੀ ਬਣਦੀ ਹੈ।
ਅਦਾਕਾਰ ਔਜਲਾ ਅਨੁਸਾਰ ਬਹੁਤ ਹੀ ਚੈਲੇਜਿੰਗ ਹੈ ਉਨ੍ਹਾਂ ਦੀ ਇਹ ਭੂਮਿਕਾ, ਜੋ ਹੁਣ ਤੱਕ ਨਿਭਾਏ ਉਨ੍ਹਾਂ ਦੇ ਫ਼ਿਲਮੀ ਕਿਰਦਾਰਾਂ ਤੋਂ ਬਿਲਕੁਲ ਹੀ ਅਲੱਗ ਹੱਟ ਕੇ ਹੈ। ਉਨ੍ਹਾਂ ਕਿਹਾ ਕਿ ਆਪਣੇ ਹਰ ਪ੍ਰੋਜੈਕਟ ਦੀ ਚੋਣ ਉਹ ਬੇਹੱਦ ਸੂਝਬੂਝ ਅਤੇ ਬਾਰੀਕੀ ਨਾਲ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਅਭਿਨੈ ਅਤੇ ਕਿਰਦਾਰਾਂ ਵਿਚ ਦਰਸ਼ਕਾਂ ਨੂੰ ਹਰ ਵਾਰ ਕੁਝ ਨਾ ਕੁਝ ਨਵਾਂਪਣ ਵੇਖਣ ਨੂੰ ਮਿਲਦਾ ਰਹੇ।
ਉਨ੍ਹਾਂ ਅੱਗੇ ਦੱਸਿਆ ਕਿ ਇਕ ਐਕਟਰ ਵਜੋਂ ਲਕੀਰ ਦਾ ਫ਼ਕੀਰ ਬਣਨਾ ਉਨ੍ਹਾਂ ਕਦੇ ਪਸੰਦ ਨਹੀਂ ਹੈ ਅਤੇ ਨਾ ਹੀ ਕਰਨਗੇ ਅਤੇ ਇਹੀ ਕਾਰਨ ਹੈ ਕਿ ਉਹ ਚੁਣਿੰਦਾ ਪਰ ਮਿਆਰੀ ਫ਼ਿਲਮਾਂ ਨੂੰ ਤਰਜ਼ੀਹ ਦੇਣਾ ਪਸੰਦ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿਚ ਵੀ ਐਕਟਰ ਵਜੋਂ ਵੱਡੇ ਅਤੇ ਛੋਟੇ ਪਰਦੇ ਲਈ ਕੁਝ ਨਾ ਕੁਝ ਵਿਲੱਖਣ ਕਰਨਾ ਉਨ੍ਹਾਂ ਦੀ ਵਿਸ਼ੇਸ਼ ਪਹਿਕਦਮੀ ਰਹੇਗੀ।
ਜੇਕਰ ਇਸ ਹੋਣਹਾਰ ਅਦਾਕਾਰ ਦੇ ਹੁਣ ਤੱਕ ਦੇ ਫ਼ਿਲਮੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦੀਆਂ ਹੁਣ ਤੱਕ ਦੀਆਂ ਅਹਿਮ ਫ਼ਿਲਮਾਂ ਅਤੇ ਪ੍ਰੋਜੈਕਟਸ ਵਿਚ 'ਡਾਕੂਆ ਦਾ ਮੁੰਡਾ', 'ਜੂਨੀਅਰ', 'ਬੇਬੀ ਡੋਲਜ਼', 'ਸਹੁਰਿਆ ਦਾ ਪਿੰਡ ਆ ਗਿਆ', 'ਖਾਮੋਸ਼ ਪੰਜਾਬ', 'ਜ਼ਖਮੀ', 'ਡੀਐਸਪੀ ਦੇਵ' ਆਦਿ ਪ੍ਰਮੁੱਖ ਰਹੇ ਹਨ। ਇਸ ਤੋਂ ਇਲਾਵਾ ਆਉਣ ਵਾਲੇ ਦਿਨ੍ਹਾਂ ਵਿਚ ਵੀ ਉਨਾਂ ਦੀਆਂ ‘ਮੋੜ੍ਹ’ ਆਦਿ ਕਈ ਹੋਰ ਵੱਡੀਆਂ ਫ਼ਿਲਮਾਂ ਵੀ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨਗੀਆਂ। ਜਿੰਨ੍ਹਾਂ ਦੀ ਸ਼ੂਟਿੰਗ, ਡਬਿੰਗ ਵਗੈਰਾਂ ਉਨ੍ਹਾਂ ਵੱਲੋਂ ਸੰਪੂਰਨ ਕਰ ਲਈ ਗਈ ਹੈ।
ਇਹ ਵੀ ਪੜ੍ਹੋ:Satish Kaushik's Wife: ਸਤੀਸ਼ ਕੌਸ਼ਿਕ ਦੀ ਪਤਨੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਸ਼ੋਕ ਸੰਦੇਸ਼ 'ਤੇ ਜਤਾਇਆ ਧੰਨਵਾਦ