ਫਰੀਦਕੋਟ: ਪੰਜਾਬ ਦੀ ਧਰਤੀ ਤੋਂ ਉੱਠ ਕੇ ਦੁਨੀਆ ਭਰ ਵਿਚ ਪੰਜਾਬੀਅਤ ਦਾ ਰੁਤਬਾ ਬੁਲੰਦ ਕਰਨ ਵਿਚ ਬਹੁਤ ਸਾਰੇ ਪੰਜਾਬੀਆਂ ਨੇ ਸਮੇਂ ਸਮੇਂ 'ਤੇ ਅਹਿਮ ਯੋਗਦਾਨ ਪਾਇਆ ਹੈ। ਅਜਿਹੇ ਹੀ ਇੱਕ ਹੋਰ ਹੋਣਹਾਰ ਨੌਜਵਾਨ ਸਟੀਵਨ ਨਿੱਝਰ, ਜੋ ਕੈਨੇਡੀਅਨ ਸੂਬੇ ਦੇ ਉਚਕੋਟੀ ਫੁੱਟਬਾਲ ਖ਼ਿਡਾਰੀ ਅਤੇ ਕੋਚ ਵਜੋਂ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ, ਇਸਦੇ ਨਾਲ ਹੀ ਬਾਕਮਾਲ ਅਤੇ ਪ੍ਰਭਾਵੀ ਅਦਾਕਾਰ ਵਜੋਂ ਵੀ ਹਾਲੀਵੁੱਡ ਫ਼ਿਲਮ ਜਗਤ ਵਿਚ ਆਪਣੇ ਸ਼ਾਨਦਾਰ ਅਭਿਨੈ ਦੀਆਂ ਧੁੰਮਾਂ ਲਗਾਤਾਰ ਪਾ ਰਹੇ ਹਨ।
ਸਟੀਵਨ ਨਿੱਝਰ ਦਾ ਕਰੀਅਰ: ਪੰਜਾਬ ਦੇ ਰਜਵਾੜ੍ਹਾਸ਼ਾਹੀ ਸ਼ਹਿਰ ਕਪੂਰਥਲਾ ਨਾਲ ਸਬੰਧਤ ਸਟੀਵਨ ਦੱਸਦੇ ਹਨ ਕਿ ਜਦ ਉਹ ਸਿਰਫ 9 ਸਾਲ ਦੇ ਸੀ ਤਾਂ ਉਹ ਕੈਨੇਡਾ ਦੇ ਟਰਾਟੋਂ ਵਿਖੇ ਰਹਿਣ ਲੱਗੇ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ ਫੁੱਟਬਾਲ ਖ਼ੇਡ ਨੂੰ ਇਕ ਨਵਾਂ ਜੀਵਨ ਅਤੇ ਮੁੜ ਸੁਰਜੀਤੀ ਦੇਣ ਵਿਚ ਵੀ ਉਨ੍ਹਾਂ ਨੇ ਅਹਿਮ ਭੂਮਿਕਾਂ ਨਿਭਾਈ ਹੈ ਅਤੇ ਆਪਣੀ ਖੇਡ ਸਮਰੱਥਾ ਦੇ ਚਲਦਿਆਂ ਕੈਨੇਡਾ ਅਤੇ ਸਪੇਨ ਜਿਹੇ ਵੱਡੇ ਮੁਲਕਾਂ ਵਿੱਚ ਫੁੱਟਬਾਲ ਟੀਮਾਂ ਦੇ ਮਾਲਿਕ ਹੋਣ ਦਾ ਵੀ ਮਾਣ ਹਾਸਲ ਕੀਤਾ ਹੈ। ਉਨਾਂ ਨੇ ਦੱਸਿਆ ਕਿ ਸਾਲ 1987 ਵਿਚ ਉਨਾਂ ਨੇ ‘ਟਰਾਟੋਂ ਬਿਲਜਾਰਡ’ ਕਲੱਬ ਨਾਲ ਤਿੰਨ ਸਾਲ ਲਈ ਕੈਨੇਡੀਅਨ ਫੁੱਟਬਾਲ ਲੀਗ ਖੇਡਣਾ ਸ਼ੁਰੂ ਕੀਤਾ ਸੀ ਅਤੇ ਪੜਾਅ ਦਰ ਪੜਾਅ ਬੇਹਤਰੀਣ ਖੇੇਡ ਜਿੰਮੇਵਾਰੀਆਂ ਦੇ ਸਦਕਾ ਉਨਾਂ ਨੇ 2001 ਵਿਚ ‘ਬਰੈਂਮਟਨ ਹਿਟਮੈਂਨ’ ਦੇ ਨਾਂ ਹੇਠ ਇਕ ਫ਼ਰੈਂਚਾਈਜ਼ ਵੀ ਸਥਾਪਿਤ ਕੀਤਾ, ਜੋ ਵੱਡੇ-ਵੱਡੇ ਖ਼ਿਡਾਰੀਆਂ ਨੂੰ ਮਾਤ ਦੇ ਚੁੱਕਾ ਹੈ।
ਸਟੀਵਨ ਨਿੱਝਰ ਦਾ ਫਿਲਮੀ ਕਰੀਅਰ: ਸਟੀਵਨ ਨਿੱਝਰ ਨੇ ਇੰਟਰਨੈਸ਼ਨਲ ਫ਼ਿਲਮ ਦੁਨੀਆਂ ਵਿਚ ਆਪਣੀ ਸ਼ੁਰੂਆਤ ਹਾਲੀਵੁੱਡ ਫ਼ਿਲਮ ‘ਦ ਫਾਇਨਲ ਗੋਲ’ ਨਾਲ ਕੀਤੀ, ਜਿਸ ਦਾ ਨਿਰਮਾਣ ‘ਫਾਈਵ ਰਿਵਰਜ਼’ ਫ਼ਿਲਮਜ਼ ਵੱਲੋਂ ਕੀਤਾ ਗਿਆ ਸੀ। ਇਹ ਫਿਲਮ ਸਾਲ 1993 ਵਿਚ 40 ਤੋਂ ਵੱਧ ਦੇਸ਼ਾਂ ਵਿਚ ਰਿਲੀਜ਼ ਹੋਈ ਸੀ ਅਤੇ ਇਸ ਫਿਲਮ ਵਿਚ ਹਾਲੀਵੁੱਡ ਅਦਾਕਾਰ ਐਰਿਕ ਐਸਟਰਾਡਾ ਨੇ ਲੀਡ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਚਰਚਿਤ ਅੰਗਰੇਜ਼ੀ ਫ਼ਿਲਮ ‘ਰਖਸ਼ਕ’ ਵਿਚ ਵੀ ਪ੍ਰਮੁੱਖ ਰੋਲ ਅਦਾ ਕੀਤਾ, ਜਿਸ ਵਿਚ ਉਨਾਂ ਨਾਲ ਫ੍ਰੈਂਕ ਜਾਰਕਿਨ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੱਸਿਆ ਕਿ ਹਾਲੀਵੁੱਡ ਵਿਚ ਸ਼ੁਰੂ ਹੋਏ ਇਸ ਫ਼ਿਲਮੀ ਸਫ਼ਰ ਦੇ ਚਲਦਿਆਂ ਹੀ ਉਨਾਂ ਨੇ ਸਿੱਖ ਹਸਤੀ ਵਜੋ ਜਾਣੇ ਜਾਂਦੇੇ ਮਹਾਰਾਜ਼ਾ ਰਣਜੀਤ ਸਿੰਘ ਦੇ ਜੀਵਨ 'ਤੇ ਆਧਾਰਿਤ ‘ਦ ਲਾਸਟ ਕਿੰਗ’ ਦਾ ਨਿਰਮਾਣ ਕੀਤਾ। ਜਿਸ ਨੇ ‘ਕਾਨਜ਼ ਫ਼ਿਲਮੀ ਫੈਸਟੀਵਲ’ ਵਿਚ ਆਪਣੀ ਮੌਜੂਦਗੀ ਦਰਜ਼ ਕਰਵਾਈ ਹੈ। ਇਸਦੇ ਨਾਲ ਹੀ ਫ਼ਿਲਮਾਂ ਅਤੇ ਫੁੱਟਬਾਲ ਪ੍ਰਤੀ ਆਪਣੇ ਪਿਆਰ, ਜਨੂੰਨ ਦੇ ਚਲਦਿਆਂ ‘ਡ੍ਰੀਮਜ਼’ ਨਾਮਕ ਇਕ ਫੁੱਟਬਾਲ ਅਧਾਰਿਤ ਸਪੋਰਟਸ ਰਿਅਲਟੀ ਸੋਅ ਨੂੰ ਹੋਂਦ ਵਿਚ ਲਿਆਦਾ ਜਾ ਚੁੱਕਾ ਹੈ, ਜਿਸ ਦੇ ਸਟੀਵਨ ਨਿੱਝਰ ਹੈਡ ਅਤੇ ਕਾਰਜ਼ਕਾਰੀ ਕੋਚ ਵੀ ਰਹੇ ਹਨ। ਇਸਨੂੰ ਫਾਕਸ ਸਪੋਰਟਸ ਯੂ.ਐਸ. ਏ ਵਿਚ ਵੱਡੇ ਪੱਧਰ ਤੇ ਪ੍ਰਸਾਰਿਤ ਕੀਤਾ ਗਿਆ ਸੀ।
ਸਟੀਵਨ ਨਿੱਝਰ ਦਾ ਵਰਕ ਫਰੰਟ: ਵਰਤਮਾਨ ਵਿੱਚ ਸਟੀਵਨ ਨਿੱਝਰ ਕੈਨੇਡਾ ਵਿਚ ਆਪਣੀ ਸਕਿਊਰਿਟੀ ਕੰਪਨੀ ‘ਦ ਟਿਟਾਨ’ ਨੂੰ ਸਫ਼ਲਤਾਪੂਰਵਕ ਚਲਾ ਰਹੇ ਹਨ, ਜਿਸ ਵਿੱਚ ਹਾਲੀਵੁੱਡ ਅਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਜਿੰਨ੍ਹਾਂ ਵਿਚ ਕਰਨ ਜ਼ੋਹਰ, ਸਲਮਾਨ ਖ਼ਾਨ, ਇਰਫ਼ਾਨ ਖ਼ਾਨ, ਅਭਿਸ਼ੇਕ ਬੱਚਣ, ਜ਼ੈਕ ਐਫਰੋਨ ਆਦਿ ਸ਼ਾਮਿਲ ਹਨ ਨੂੰ ਕੈਨੇਡਾ, ਉਤਰੀ ਅਮਰੀਕਾ ਦੌਰਿਆ ਦੌਰਾਨ ਮਜ਼ਬੂਤ ਸੁਰਿੱਖਆ ਪ੍ਰਦਾਨ ਕਰਨ ਦਾ ਜਿੰਮਾ ਸੰਭਾਲਿਆਂ ਜਾਂਦਾ ਹੈ। ਇਸ ਤੋਂ ਇਲਾਵਾ ਉਨਾਂ ਵੱਲੋਂ ਆਪਣੀ ਬਾਇਓਪਿਕ ‘ਅਨਾਟਮੀ ਆਫ਼ ਏ ਵਾਰੀਅਰ’ ਵੀ ਜਲਦ ਰਿਲੀਜ਼ ਕੀਤੀ ਜਾਵੇਗੀ। ਜਿਸ ਵਿਚ ਪੰਜਾਬ ਤੋਂ ਕੈਨੇਡਾ ਜਾਣ ਅਤੇ ਮੁਸ਼ਿਕਲਾਂ ਭਰੇ ਅਥਾਹ ਪੜ੍ਹਾਵਾਂ ਵਿਚੋਂ ਗੁਜਰਦਿਆਂ ਨੂੰ ਫ਼ਿਲਮਬਧ ਕੀਤਾ ਗਿਆ ਹੈ ਤਾਂ ਕਿ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਵੀ ਜੀਵਨ ਵਿਚ ਕੁਝ ਕਰ ਗੁਜਰਣ ਦੀ ਸੇਧ ਮਿਲ ਸਕੇ।