ਫ਼਼ਰੀਦਕੋਟ: ਪੰਜਾਬੀ ਸਿਨੇਮਾਂ ਖੇਤਰ ਵਿੱਚ ਐਕਸਪੈਰੀਮੈਂਟਲ ਕੰਟੈਂਟ 'ਤੇ ਅਧਾਰਿਤ ਆਫ ਬੀਟ ਫਿਲਮਾਂ ਬਣਾਉਣ ਦਾ ਰੁਝਾਨ ਇੰਨੀ ਦਿਨੀ ਹੋਰ ਜੋਰ ਫੜਦਾ ਨਜ਼ਰ ਆ ਰਿਹਾ ਹੈ। ਇਸ ਲੜੀ 'ਚ ਹੁਣ ਇੱਕ ਹੋਰ ਪੰਜਾਬੀ ਫ਼ਿਲਮ 'ਹੱਸਦੇ ਹੀ ਰਹਿਨੇ ਆਂ' ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਫ਼ਿਲਮਕਾਰ ਤਾਜ ਵੱਲੋ ਕੀਤਾ ਜਾਵੇਗਾ, ਜੋ ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀਆਂ ਫਿਲਮਾਂ ਸਾਹਮਣੇ ਲਿਆਉਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ।
ਐਚ.ਐਫ ਪ੍ਰੋਡੋਕਸ਼ਨ ਦੇ ਬੈਨਰ ਅਧੀਨ ਬਣਨ ਜਾ ਰਹੀ ਇਸ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਤਾਜ ਵੱਲੋਂ ਕੀਤਾ ਜਾਵੇਗਾ। ਇਸ ਫਿਲਮ 'ਚ ਪੰਜਾਬੀ ਅਤੇ ਹਿੰਦੀ ਸਿਨੇਮਾਂ ਨਾਲ ਜੁੜੇ ਕਈ ਨਾਮਵਰ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਅਉਣਗੇ, ਜਿੰਨਾਂ ਦੇ ਨਾਵਾਂ ਅਤੇ ਹੋਰ ਅਹਿਮ ਪਹਿਲੂਆਂ ਸਬੰਧੀ ਰਸਮੀ ਐਲਾਨ ਜਲਦ ਹੀ ਕੀਤਾ ਜਾਵੇਗਾ। ਫ਼ਿਲਮ ਦੀ ਨਿਰਮਾਣ ਅਤੇ ਨਿਰਦੇਸ਼ਨ ਟੀਮ ਵੱਲੋ ਅਜੇ ਇਸ ਸਬੰਧੀ ਜਿਆਦਾ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ। ਹਾਲਾਂਕਿ, ਨਿਰਦੇਸ਼ਕ ਤਾਜ ਵੱਲੋ ਇਸ ਦੀ ਟੈਗਲਾਈਨ ਜ਼ਰੂਰ ਰਿਵੀਲ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਕੈਪਸ਼ਨ 'ਚ ਲਿਖਿਆ ਹੈ, "ਉੱਜੜ ਕੇ ਮੁੜ ਪੰਜਾਬ ਸਿਆਂ ਵੱਸਦੇ ਹੀ ਰਹਿਨੇ ਆਂ, ਭੀੜਾਂ ਮਾਰਾਂ ਝੱਲ ਝੱਲ ਕੇ ਵੀ ਹੱਸਦੇ ਹੀ ਰਹਿਨੇ ਆਂ। ਇਸ ਤੋਂ ਇਹ ਇਸ਼ਾਰਾ ਜ਼ਰੂਰ ਮਿਲਦਾ ਹੈ ਕਿ ਪੰਜਾਬੀ ਪੁਰਾਤਨ ਦੇ ਨਾਲ-ਨਾਲ ਮੌਜੂਦਾ ਸਮੇਂ ਤੱਕ ਦੇ ਕਈ ਦਰਦਾਂ ਅਤੇ ਮੁੱਦਿਆ ਨੂੰ ਦਰਸਾਉਣ ਜਾ ਰਹੀ ਹੈ ਇਸ ਫ਼ਿਲਮ ਵਿੱਚ ਪਰਿਵਾਰਿਕ ਅਤੇ ਸਮਾਜਿਕ ਦੋਨੋਂ ਰੰਗ ਸ਼ਾਮਿਲ ਕੀਤੇ ਜਾ ਰਹੇ ਹਨ।
ਇਸ ਫ਼ਿਲਮ ਦੇ ਜਾਰੀ ਕੀਤੇ ਗਏ ਦਿਲ ਅਤੇ ਮਨ ਨੂੰ ਛੂ ਜਾਣ ਵਾਲੇ ਪਹਿਲੇ ਲੁੱਕ ਦੇ ਚਲਦਿਆਂ ਪਾਲੀਵੁੱਡ ਦੇ ਗਲਿਆਰਿਆਂ ਵਿੱਚ ਨਿਰਦੇਸ਼ਕ ਤਾਜ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਿੰਦੂ ਬਣ ਗਏ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨਿਰਦੇਸ਼ਕ ਤਾਜ ਅਪਣੀ ਇੱਕ ਹੋਰ ਨਵੀਂ ਅਤੇ ਸੰਪੂਰਨ ਹੋ ਚੁੱਕੀ ਪੰਜਾਬੀ ਫ਼ਿਲਮ 'ਲੰਬੜਾ ਦਾ ਲਾਣਾ' ਵੀ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ। ਇਸ ਫਿਲਮ ਵਿੱਚ ਬੱਬਲ ਰਾਏ ਅਤੇ ਸਾਰਾ ਗੁਰਪਾਲ ਲੀਡ ਜੋੜੀ ਦੇ ਤੌਰ 'ਤੇ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ, ਰਤਨ ਔਲਖ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਅਨੀਤਾ ਦੇਵਗਣ, ਮਲਕੀਤ ਰੌਣੀ, ਸੁਖਵਿੰਦਰ ਚਾਹਲ, ਹਾਰਬੀ ਸੰਘਾ ਆਦਿ ਜਿਹੇ ਐਕਟਰਜ਼ ਦੁਆਰਾ ਵੀ ਇਸ ਫਿਲਮ ਵਿੱਚ ਪ੍ਰਭਾਵਸ਼ਾਲੀ ਕਿਰਦਾਰ ਅਦਾ ਕੀਤੇ ਗਏ ਹਨ। ਇਸ ਮਹੀਨੇ ਦੇ ਅਖੀਰ 'ਚ ਰਿਲੀਜ ਕੀਤੀ ਜਾ ਰਹੀ ਇਸ ਫ਼ਿਲਮ ਤੋਂ ਬਾਅਦ ਐਲਾਨ ਹੋਈ ਪੰਜਾਬੀ ਫ਼ਿਲਮ 'ਹੱਸਦੇ ਹੀ ਰਹਿਨੇ ਆਂ' ਨੂੰ ਵੀ ਅਪਣੇ ਪ੍ਰੀ-ਪ੍ਰੋਡੋਕਸ਼ਨ ਪੜਾਅ ਵੱਲ ਵਧਾਇਆ ਜਾਵੇਗਾ।