ਚੰਡੀਗੜ੍ਹ: ਨਵੀਂ ਆ ਰਹੀ ਪੰਜਾਬੀ ਫ਼ਿਲਮ 'ਨੀ ਮੈਂ ਸੱਸ ਕੁੱਟਣੀ' ਦੇ ਨਿਰਦੇਸ਼ਕ ਅਤੇ ਨਿਰਮਾਤਾ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਜਾਰੀ ਹੋਏ ਨੋਟਿਸ 'ਚ 22 ਅਪ੍ਰੈਲ ਦੁਪਹਿਰ 2 ਵਜੇ ਕਮਿਸ਼ਨ ਅੱਗੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਫ਼ਿਲਮ ਬਾਰੇ ਸਪੱਸ਼ਟ ਕੀਤਾ ਜਾਵੇ ਕਿ ਇਸ ਨਾਲ ਸਮਾਜ 'ਚ ਕੀ ਸੁਨੇਹਾ ਦੇਣਾ ਚਾਹੁੰਦੇ ਹਨ।
ਮਹਿਲਾ ਕਮਿਸ਼ਨ ਵੱਲੋਂ ਸੂ-ਮੋਟੋ ਲੈਂਦਿਆਂ ਫ਼ਿਲਮ ਦੇ ਟਾਈਟਲ ਨੂੰ ਲੈ ਕੇ ਜਵਾਬ ਤਲਬੀ ਕੀਤੀ ਗਈ ਹੈ। ਕਮਿਸ਼ਨ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਟਾਈਟਲ ਬਹੁਤ ਗਲਤ ਪ੍ਰਭਾਵ ਦਿੰਦਾ ਹੈ, ਜਿਸ ਬਾਰੇ ਜਵਾਬ ਦੇਣ ਲਈ ਨਿਰਮਾਤਾ ਅਤੇ ਨਿਰਦੇਸ਼ਕ ਨੂੰ 22 ਅਪ੍ਰੈਲ ਨੂੰ ਕਮਿਸ਼ਨ ਦੇ ਦਫ਼ਤਰ 'ਚ ਪੇਸ਼ ਹੋਣ।
ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਇਸ ਫ਼ਿਲਮ ਦੇ ਟਾਈਟਲ ਨਾਲ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ ਅਤੇ ਇਸ ਨਾਲ ਸਮਾਜ ਨੂੰ ਕੋਈ ਚੰਗਾ ਸੁਨੇਹਾ ਨਹੀਂ ਜਾਵੇਗਾ, ਜਿਸ ਕਰਕੇ ਕਮਿਸ਼ਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਇਲਾਵਾ ਸੈਂਸਰ ਬੋਰਡ ਨੂੰ ਵੀ ਇਸ ਦੀਆਂ ਕਾਪੀਆਂ ਭੇਜ ਕੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ 'ਨੀ ਮੈਂ ਸੱਸ ਕੁੱਟਣੀ' 29 ਅਪ੍ਰੈਲ ਨੂੰ ਪੰਜਾਬ ਦੇ ਸਿਨੇਮਾਘਰਾਂ ਵਿੱਚ ਰਿਲੀਜ ਹੋਣ ਜਾ ਰਹੀ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਵੇਖਣ ਤੋਂ ਬਾਅਦ ਕਮਿਸ਼ਨ ਵੱਲੋਂ ਇਹ ਜਵਾਬ ਤਲਬੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬੀ ਦੀਆਂ ਕੁੱਝ ਬਾਬਾ ਬੋਹੜ ਅਦਾਕਾਰਾਂ, ਜਿਹਨਾਂ ਬਿਨ੍ਹਾਂ ਅਧੂਰੀਆਂ ਹਨ ਪੰਜਾਬੀ ਫਿਲਮਾਂ