ਚੰਡੀਗੜ੍ਹ: ਆਉਣ ਵਾਲੀ ਹਿੰਦੀ ਫ਼ਿਲਮ ‘ਫ਼ਤਿਹ’ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਹੀ ਸ਼ੂਟਿੰਗ ਵਿਚ ਸ਼ਾਮਿਲ ਹੋਣ ਲਈ ਬਾਲੀਵੁੱਡ ਸਿਤਾਰਿਆਂ ਦੀ ਆਮਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਹੀ ਮਾਇਆਨਗਰੀ ਮੁੰਬਈ ਤੋਂ ਖੂਬਸੂਰਤ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਗੁਰੂ ਕੀ ਨਗਰੀ ਪੁੱਜ ਚੁੱਕੀ ਹੈ, ਜੋ ਸੋਨੂੰ ਸੂਦ ਨਾਲ ਉਕਤ ਫ਼ਿਲਮ ਦੇ ਅਹਿਮ ਦ੍ਰਿਸ਼ ਫ਼ਿਲਮਾਂਕਣ ’ਚ ਹਿੱਸਾ ਲਵੇਗੀ।
‘ਜੀ ਸਟੂਡਿਊਜ਼’ ਅਤੇ ‘ਸ਼ਕਤੀ ਸਾਗਰ ਪ੍ਰੋਡੋਕਸ਼ਨ ਹਾਊਸ’ ਵੱਲੋਂ ਸੁਯੰਕਤ ਰੂਪ ਵਿਚ ਬਣਾਈ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਵੈਬਭ ਮਿਸ਼ਰਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾ ਬਤੌਰ ਐਸੋਸੀਏਟ ਨਿਰਦੇਸ਼ਕ ਕਈ ਵੱਡੀਆਂ ਹਿੰਦੀ ਫ਼ਿਲਮਾਂ ਕਰ ਚੁੱਕੇ ਹਨ। ਹਾਲੀਆ ਦਿਨ੍ਹਾਂ ਵਿਚ ਹੀ ਦੁਬਈ ਵਿਖੇ ਸੰਪੰਨ ਹੋਏ ‘ਆਈ ਬੀ ਐਫ਼ ਏ’ ਐਵਾਰਡ 2023 ਵਿਚ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਦਾ ਮਾਣ ਹਾਸਿਲ ਕਰਨ ਵਾਲੀ ਜੈਕਲੀਨ ਆਪਣੀ ਇਸ ਨਵੀਂ ਫ਼ਿਲਮ ਵਿਚ ਸੋਨੂੰ ਸੂਦ ਦੇ ਨਾਲ ਲੀਡ ਕਿਰਦਾਰ ਅਦਾ ਕਰ ਰਹੀ ਹੈ, ਜੋ ਅਗਲੇ ਕੁਝ ਦਿਨ੍ਹਾਂ ਤੱਕ ਇੱਥੇ ਹੀ ਆਪਣੀ ਇਸ ਫ਼ਿਲਮ ਦੇ ਕਈ ਖਾਸ ਦ੍ਰਿਸ਼ਾ ਵਿਚ ਭਾਗ ਲਵੇਗੀ।
ਪੁਰਾਣੇ ਪੰਜਾਬ ਦੀ ਤਰਜਮਾਨੀ ਕਰਵਾਉਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰੂਨੀ ਹਿੱਸਿਆਂ, ਗਲੀਆਂ ਆਦਿ ਵਿਚ ਫ਼ਿਲਮਾਈ ਜਾ ਰਹੀ ਇਹ ਫ਼ਿਲਮ ਇਕ ਸਾਈਬਰ ਕ੍ਰਾਈਮ ਕਹਾਣੀ 'ਤੇ ਆਧਾਰਿਤ ਹੈ, ਜਿਸ ਵਿਚ ਜੈਕਲੀਨ ਕਾਫ਼ੀ ਚੁਣੌਤੀਪੂਰਨ ਭੂਮਿਕਾ ਅਦਾ ਕਰਦੇ ਨਜ਼ਰੀ ਆਵੇਗੀ।
ਜੇਕਰ ਜੈਕਲੀਨ ਫ਼ਰਨਾਡਿਜ਼ ਦੇ ਮੌਜੂਦਾ ਕਰੀਅਰ ਵੱਲ ਝਾਤ ਮਾਰੀ ਜਾਵੇ ਤਾਂ ਇੰਨ੍ਹੀਂ ਦਿਨ੍ਹੀਂ ਉਨ੍ਹਾਂ ਦੀਆਂ ਕੁਝ ਹੋਰ ਮਹੱਤਵਪੂਰਨ ਫ਼ਿਲਮਾਂ ਵੀ ਫ਼ਲੋਰ 'ਤੇ ਹਨ, ਜਿੰਨ੍ਹਾਂ ਵਿਚ ਅਰਜੁਨ ਰਾਮਪਾਲ ਸਟਾਰਰ ਨਿਰਦੇਸ਼ਕ ਅਦਿੱਤਯ ਦੱਤ ਦੀ ‘ਕ੍ਰਾਕ‘ ਆਦਿ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਦੇਸ਼, ਵਿਦੇਸ਼ ਵਿਚ ਉਨ੍ਹਾਂ ਦੇ ਕੁਝ ਵੱਡੇ ਸਟੇਜ ਸੋਅਜ਼ ਦਾ ਆਯੋਜਨ ਵੀ ਲਗਾਤਾਰ ਜਾਰੀ ਹਨ, ਜਿਸ ਅਧੀਨ ਆਉਣ ਵਾਲੇ ਦਿਨ੍ਹਾਂ ਵਿਚ ਵੀ ਉਹ ਅਬਰੋਡ ਹੋਣ ਜਾ ਰਹੇ। ਕੁਝ ਲਾਈਵ ਕੰਨਸਰਟ ਵਿਚ ਬਾਲੀਵੁੱਡ ਸਿਤਾਰਿਆਂ ਸਮੇਤ ਆਪਣੀ ਮੌਜੂਦਗੀ ਦਰਜ ਕਰਵਾਏਗੀ।
ਪੰਜਾਬ ਵਿਖੇ ਜਾਰੀ ਉਕਤ ਫ਼ਿਲਮ ਸ਼ਡਿਊਲ ਅਧੀਨ ਮਿਲੀ ਕੁਝ ਹੋਰ ਜਾਣਕਾਰੀ ਅਨੁਸਾਰ ਇਸ ਦੀ ਸ਼ੂਟਿੰਗ ਦਾ ਕੁਝ ਹਿੱਸਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਅਦ ਅਗਲੇ ਦਿਨ੍ਹੀਂ ਦਿੱਲੀ ਵਿਖੇ ਵੀ ਫ਼ਿਲਮਾਇਆ ਜਾਣਾ ਹੈ, ਜਿਸ ਵਿਚ ਵੀ ਜੈਕਲੀਨ ਫ਼ਰਨਾਡਿਜ਼ ਸ਼ਾਮਿਲ ਹੋਵੇਗੀ । ਪੰਜਾਬ ਵਿਚ ਪਹਿਲੀ ਵਾਰ ਆਪਣੀ ਕਿਸੇ ਫ਼ਿਲਮ ਦੇ ਸ਼ੂਟ ਲਈ ਪੁੱਜੀ ਜੈਕਲਿਨ ਇੱਥੇ ਸ਼ੂਟਿੰਗ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ , ਜਿਸ ਦੀ ਟੀਮ ਅਨੁਸਾਰ ਇੱਥੇ ਠਹਿਰਾਵ ਦੌਰਾਨ ਜੈਕਲਿਨ ਇੱਥੋਂ ਦੇ ਮਨਪਸੰਦ ਪਕਵਾਨਾਂ ਅਤੇ ਸਥਾਨਾਂ ਦਾ ਵੀ ਪੂਰਾ ਆਨੰਦ ਉਠਾਉਣ ਦੀ ਪੂਰੀ ਚਾਹ ਰੱਖਦੀ ਹੈ।
ਇਹ ਵੀ ਪੜ੍ਹੋ:Ni Main Sass Kuttni 2 Release Date: ਇਸ ਅਗਸਤ ਹੋਵੇਗਾ ਧਮਾਕਾ, 'ਨੀ ਮੈਂ ਸੱਸ ਕੁੱਟਣੀ 2' ਦੀ ਰਿਲੀਜ਼ ਮਿਤੀ ਦਾ ਐਲਾਨ