ਚੰਡੀਗੜ੍ਹ: ਮੰਨੋਰੰਜਨ ਜਗਤ ਵਿੱਚ ਇਸ ਸਮੇਂ ਇੱਕ ਹੀ ਨਾਂ ਸਭ ਦੀ ਜ਼ੁਬਾਨ ਉਤੇ ਹੈ ਅਤੇ ਉਹ ਨਾਂ ਹੈ 'ਐਨੀਮਲ'। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਬਾਲੀਵੁੱਡ ਦੇ ਖੂਬਸੂਰਤ ਅਦਾਕਾਰ ਰਣਬੀਰ ਕਪੂਰ ਅਤੇ ਬੌਬੀ ਦਿਓਲ ਸਟਾਰਰ ਇਸ ਹਿੰਦੀ ਫਿਲਮ ਨੇ ਕਲੈਕਸ਼ਨ ਕਰਕੇ ਪੂਰੀ ਦੁਨੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਫਿਲਮ ਨੇ 6 ਦਿਨਾਂ ਵਿੱਚ ਘਰੇਲੂ ਬਾਕਸ ਆਫਿਸ ਉਤੇ 300 ਕਰੋੜ ਦਾ ਅੰਕੜਾ ਪਾ ਕਰ ਲਿਆ ਹੈ।
ਇਸ ਫਿਲਮ ਦੀਆਂ ਕਈ ਚੀਜ਼ਾਂ ਨੇ ਸਭ ਨੂੰ ਆਪਣੇ ਵੱਲ ਖਿੱਚਿਆ ਹੈ, ਜਿਸ ਵਿੱਚ ਪਹਿਲਾਂ ਕਬੀਰ ਸਿੰਘ ਨਿਰਦੇਸ਼ਕ ਵਾਂਗਾ ਦੁਆਰਾ ਇਸ ਦਾ ਨਿਰਦੇਸ਼ਨ ਕਰਨਾ, ਰਣਬੀਰ ਕਪੂਰ ਦੀ ਐਕਟਿੰਗ ਅਤੇ ਸਭ ਤੋਂ ਖਾਸ ਬੌਬੀ ਦਿਓਲ ਦਾ ਅਨੌਖਾ ਰੋਲ। ਬੌਬੀ ਦਿਓਲ ਦੇ ਰੋਲ ਦੀਆਂ ਕਈ ਵਿਸ਼ੇਸਤਾ ਹਨ, ਜਿਵੇਂ ਕਿ ਬੌਬੀ ਦਿਓਲ ਦਾ ਫਿਲਮ ਵਿੱਚ ਇੱਕ ਵੀ ਡਾਇਲਾਗ ਨਹੀਂ ਹੈ। ਬਿਨ੍ਹਾਂ ਡਾਇਲਾਗ ਤੋਂ ਵੀ ਬੌਬੀ ਦਿਓਲ ਨੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾਂ ਬਣਾ ਲਈ ਹੈ। ਸਰੋਤੇ ਫਿਲਮ ਨੂੰ ਦੇਖਣ ਤੋਂ ਬਾਅਦ ਬੌਬੀ ਦਿਓਲ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ।
ਇਸੇ ਤਰ੍ਹਾਂ ਹੁਣ ਫਿਲਮ ਦੇਖਣ ਤੋਂ ਬਾਅਦ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਹਨ, ਉਹਨਾਂ ਨੇ ਇਸ ਨਾਲ ਸੰਬੰਧਿਤ ਇੱਕ ਲੰਬਾ ਨੋਟ ਸਾਂਝਾ ਕੀਤਾ ਹੈ ਅਤੇ ਪੂਰੇ ਦਿਓਲ ਪਰਿਵਾਰ ਦੀ ਤਾਰੀਫ਼ ਕੀਤੀ ਹੈ। ਨਿਰਦੇਸ਼ਕ ਨੇ ਲਿਖਿਆ ਹੈ, 'ਬਾਲੀਵੁੱਡ ਦੇ ਸਭ ਤੋਂ ਮਜ਼ੂਬਤ ਬੰਦੇ ਵੀ ਉਹਦੀ ਰਹਿਮਤ ਨੇ ਰਵਾ ਤੇ...ਇਹ ਤਸਵੀਰਾਂ ਕਿੰਨੀਆਂ ਹੀ ਕਹਾਣੀਆਂ ਕਹਿੰਦੀਆਂ ਨੇ...ਘਰੇ ਬੈਠੇ ਬੌਬੀ ਦਿਓਲ ਨੇ ਜਦੋਂ ਹਿੰਮਤ ਕਰਕੇ ਕੰਮ ਲਈ ਘਰੋਂ ਪੈਰ ਪੱਟਿਆ ਤਾਂ ਫਿਰ ਉਹਨੇ ਵੀ ਅੱਗੋ ਸਿਰਫ਼ ਤਿੰਨ ਸੀਨ ਵਿੱਚ ਉਹ ਸ਼ੋਹਰਤ ਅਤੇ ਪਿਆਰ ਬਖਸ਼ਿਆ ਜੋ 28-30 ਸਾਲ ਦੇ ਕਰੀਅਰ ਵਿੱਚ ਕਦੇ ਨਹੀਂ ਮਿਲਿਆ...।'
ਇਸ ਤੋਂ ਬਾਅਦ 'ਮੋਹ' ਨਿਰਦੇਸ਼ਕ ਨੇ ਅੱਗੇ ਲਿਖਿਆ, 'ਸੰਨੀ ਦਿਓਲ ਵਾਲ਼ ਵਾਲ਼ ਕਰਜ਼ੇ ਵਿੱਚ ਡੁੱਬ ਗਿਆ ਪਰ ਆਪਣੇ ਅਸੂਲ ਤੋਂ ਨਹੀਂ ਹਿੱਲਿਆ...ਸੱਚਾ ਹੋ ਕੇ ਤੁਰਿਆ ਰਿਹਾ...ਉਹਨੇ ਇੱਕ ਰਾਤ ਵਿੱਚ ਫਰਸ਼ ਤੋਂ ਅਰਸ਼ ਉਤੇ ਬਿਠਾ ਤਾ...ਪੁੱਤਾਂ ਦੇ ਫਿਕਰਾਂ ਵਿੱਚ ਡੁੱਬੇ ਪਿਓ ਦੇ ਚੰਗੇ ਕਰਮ ਕਿੱਥੇ ਜਾ ਕੇ ਕੰਮ ਆਏ...ਅੱਜ ਧਰਮਿੰਦਰ ਦੇ ਦੋਨੋਂ ਪੁੱਤ ਫਿਰ ਤੋਂ ਸ਼ੇਰ ਬਣ ਕੇ ਖੜ੍ਹੇ ਕਰਤੇ ਉਹਨੇ...ਦਿਓਲ ਪਰਿਵਾਰ ਤੋਂ ਤਾਂ ਚੱਕਿਆ ਨਹੀਂ ਜਾਂਦਾ...ਹਰ ਪਾਸੇ ਉਹਦਾ ਵੈਰਾਗ ਇਹ...ਅਸੀਂ 50 ਸਾਲ ਤੋਂ ਬਾਅਦ ਕਾਰੋਬਾਰ ਦੀ ਮੁਖਤਿਆਰੀ ਫੜ ਕੇ ਆਪਣੇ ਮਾਂ-ਪਿਓ ਨੂੰ ਬਜ਼ੁਰਗ ਐਲਾਨ ਦਿੰਨੇ ਆ...66 ਸਾਲ ਅਤੇ 54 ਸਾਲ ਦੀ ਉਮਰ ਵਿੱਚ ਆਪਣਾ ਬੈਸਟ ਟਾਈਮ ਦੇਖ ਰਹੇ ਆ ਦੋਨੋਂ ਭਰਾ...ਇਹੋ ਜੀ ਜ਼ਿੰਦਗੀ ਦੇ ਕਿੰਨੇ ਹੀ ਪਾਠ ਸਿਖਾਉਂਦੀ ਹੈ ਇਹ ਤਸਵੀਰ...ਬਾਬਾ ਸਭ ਦੇ ਸੁਪਨੇ ਪੂਰੇ ਕਰੇ।'
ਇਸ ਦੇ ਨਾਲ ਹੀ ਜਗਦੀਪ ਸਿੱਧੂ ਨੇ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਸੰਨੀ ਦਿਓਲ ਅਤੇ ਬੌਬੀ ਦਿਓਲ ਦੋਵੇਂ ਭਾਵੁਕ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਵਰਕਫਰੰਟ ਦੀ ਗੱਲ ਕਰੀਏ ਤਾਂ ਜਗਦੀਪ ਸਿੱਧੂ ਨੇ ਹਾਲ ਹੀ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ ਖਤਮ ਕੀਤੀ ਹੈ, ਇਸ ਫਿਲਮ ਦਾ ਨਿਰਦੇਸ਼ਨ ਖੁਦ ਜਗਦੀਪ ਸਿੱਧੂ ਨੇ ਕੀਤਾ ਹੈ।