ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਦੀ ਮੰਝੀ ਹੋਈ ਸਿਨੇਮਾ ਹਸਤੀ ਵਜੋਂ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੀ ਹੈ ਬੇਹਤਰੀਨ ਕਰੈਕਟਰ ਅਦਾਕਾਰਾ ਅਨੀਤਾ ਦੇਵਗਨ, ਜੋ ਸ਼ੁਰੂ ਹੋਣ ਜਾ ਰਹੀ ਪੰਜਾਬੀ ਫਿਲਮ 'ਮੇਰੀ ਪਿਆਰੀ ਦਾਦੀ' ਵਿੱਚ ਟਾਈਟਲ ਕਿਰਦਾਰ ਨਿਭਾਉਣ ਜਾ ਰਹੀ ਹੈ, ਜਿੰਨਾਂ ਦੀ ਇਸ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਤਾਜ਼ ਕਰਨਗੇ।
'ਅਨੀਤਾ ਦੇਵਗਨ ਟਾਕੀਜ਼ ਅਤੇ ਗਲੈਕਸੀ ਇੰਟਰਟੇਨਮੈਂਟ-ਐਚ ਐਫ ਪ੍ਰੋਡੋਕਸ਼ਨ' ਦੁਆਰਾ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਡਾ. ਦੀਪਕ ਸਿੰਘ ਅਤੇ ਤਜਿੰਦਰ ਸਿੰਘ ਕਰ ਰਹੇ ਹਨ। ਅਗਲੇ ਵਰੇ 2024 ਦੇ ਸ਼ੁਰੂਆਤੀ ਪੜਾਅ ਵਿੱਚ ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਦੀ ਸਟਾਰ ਕਾਸਟ ਵਿੱਚ ਅਨੀਤਾ ਦੇਵਗਨ ਤੋਂ ਇਲਾਵਾ ਮਹਿਰਾਜ ਸਿੰਘ, ਅਕਿਸ਼ਤਾ ਸ਼ਰਮਾ, ਫਤਿਹ ਸਿਆਨ, ਦਿਵਜੋਤ ਕੌਰ, ਸਨੀ ਗਿੱਲ, ਯੁੱਧਵੀਰ ਚੀਮਾ, ਰਾਜਬੀਰ ਚੀਮਾ ਆਦਿ ਸ਼ੁਮਾਰ ਹਨ।
ਪੰਜਾਬੀ ਸਿਨੇਮਾ ਲਈ ਅਲਹਦਾ ਫਿਲਮਾਂ ਦੀ ਹੋ ਰਹੀ ਸਿਰਜਣਾ ਅਧੀਨ ਸਾਹਮਣੇ ਆਉਣ ਜਾ ਰਹੇ ਇਸ ਪ੍ਰੋਜੈਕਟ ਨਾਲ ਇੱਕ ਹੋਰ ਨਵਾਂ ਚਿਹਰਾ ਸ਼ਬਦ ਪਾਲੀਵੁੱਡ ਵਿੱਚ ਸ਼ਾਨਦਾਰ ਦਸਤਕ ਦੇਵੇਗਾ, ਜੋ ਇਸ ਫਿਲਮ ਵਿੱਚ ਕਾਫ਼ੀ ਪ੍ਰਭਾਵੀ ਕਿਰਦਾਰ ਨਿਭਾਉਂਦਾ ਨਜ਼ਰੀ ਆਵੇਗਾ।
ਪੰਜਾਬੀ ਫਿਲਮਾਂ ਦੇ ਖੇਤਰ ਵਿੱਚ ਬਹੁਤ ਥੋੜ ਸਮੇਂ ਦੌਰਾਨ ਹੀ ਉੱਚਕੋਟੀ ਅਤੇ ਬਾ-ਕਮਾਲ ਨਿਰਦੇਸ਼ਕ ਵਜੋਂ ਆਪਣੀ ਚੋਖੀ ਭੱਲ ਅਤੇ ਪਹਿਚਾਣ ਸਥਾਪਿਤ ਕਰਨ ਵਾਲੇ ਨਿਰਦੇਸ਼ਕ ਤਾਜ਼ ਅਨੁਸਾਰ ਉਨਾਂ ਦੀ ਇਹ ਫਿਲਮ ਵੀ ਮੇਨ ਸਟਰੀਮ ਸਿਨੇਮਾ ਤੋਂ ਬਿਲਕੁੱਲ ਅਲੱਗ ਹੱਟ ਕੇ ਬਣਾਈ ਜਾ ਰਹੀ ਹੈ, ਜਿਸ ਵਿੱਚ ਮੋਹ ਭਰੇ ਆਪਸੀ ਰਿਸ਼ਤਿਆਂ ਅਤੇ ਇੰਨਾ ਵਿਚਲੀ ਅਪਣੱਤਵ ਦੇ ਕਈ ਭਾਵਨਾਤਮਕ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।
ਹਾਲ ਹੀ ਵਿੱਚ ਰਿਲੀਜ਼ ਹੋਈਆਂ ਆਪਣੀਆਂ ਕਈ ਫਿਲਮਾਂ ਦੁਆਰਾ ਨਿਵੇਕਲੇ ਅਦਾਕਾਰੀ ਮਾਪਦੰਢ ਸਿਰਜਣ ਵਿੱਚ ਸਫਲ ਰਹੀ ਹੈ ਅਦਾਕਾਰਾ ਅਨੀਤਾ ਦੇਵਗਨ, ਜਿੰਨਾਂ ਦੀ ਹਰ ਫਿਲਮ ਵਿਚਲੀ ਉਨ੍ਹਾਂ ਦੀ ਭੂਮਿਕਾ ਨੂੰ ਦਰਸ਼ਕਾਂ ਦਾ ਰੱਜਵਾਂ ਹੁੰਗਾਰਾ ਅਤੇ ਹਾਂ ਪੱਖੀ ਪ੍ਰਤੀਕਰਮ ਮਿਲਿਆ ਹੈ, ਜੋ ਇੰਨੀਂ ਦਿਨੀਂ ਹੋਰ ਕਈ ਵੱਡੀਆਂ ਫਿਲਮਾਂ ਵਿੱਚ ਵੀ ਯਾਦਗਾਰੀ ਕਿਰਦਾਰ ਨਿਭਾਉਣ ਜਾ ਰਹੀ ਹੈ।
ਉਧਰ ਜੇਕਰ ਇਸ ਫਿਲਮ ਦੇ ਨਿਰਦੇਸ਼ਕ ਤਾਜ਼ ਦੇ ਬਤੌਰ ਨਿਰਦੇਸ਼ਕ ਹਾਲੀਆ ਸਿਨੇਮਾ ਪ੍ਰੋਜੈਕਟ ਬਾਰੇ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਵੀ ਵਜੂਦ ਵਿੱਚ ਲਿਆਂਦੀ ਜਾ ਰਹੀ ਆਪਣੀ ਹਰ ਫਿਲਮ ਦੁਆਰਾ ਸਿਨੇਮਾ ਕਲਾਤਮਾਕਤਾ ਦੇ ਰੰਗਾਂ ਨੂੰ ਹੋਰ ਗੂੜਾ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।