ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ’ਚ ਬਤੌਰ ਗਾਇਕ-ਸੰਗੀਤਕਾਰ ਅਲੱਗ ਪਹਿਚਾਣ ਅਤੇ ਉਚਕੋਟੀ ਮੁਕਾਮ ਹਾਸਿਲ ਕਰ ਚੁੱਕੇ ਬੀ ਪਰਾਕ ਹੁਣ ਯੂ.ਐਸ.ਏ ’ਚ ਵੀ ਆਪਣੀ ਸੁਰੀਲੀ ਗਾਇਕੀ ਦੀਆਂ ਧੂੰਮਾਂ ਪਾਉਣ ਜਾ ਰਹੇ ਹਨ, ਜੋ ਪਹਿਲੀ ਵਾਰ ਅਮਰੀਕਾ ਦੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ।
ਹਾਲ ਹੀ ਵਿਚ ਆਈਆਂ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਵਿਚ ‘ਮੇਰੀ ਜ਼ਿੰਦਗੀ ਸੇ ਜਾਨੇ ਕਾ’, ‘ਤੇਰੀ ਮਿੱਟੀ’, ‘ਮਨ ਭਰਿਆ’, ‘ਮਜ਼ਾ’, ‘ਅੱਛਾ ਸਿਲਾ ਦਿਆ’, ‘ਝਾਂਜਰ’, ‘ਢੋਲਣਾ’, ‘ਬੇਸ਼ਰਮ ਬੇਵਫ਼ਾ’ ਆਦਿ ਜਿਹੇ ਅਣਗਿਣਤ ਹਿੱਟ ਅਤੇ ਮਕਬੂਲ ਗਾਣੇ ਗਾਉਣ ਦਾ ਸਿਹਰਾ ਹਾਸਿਲ ਕਰ ਚੁੱਕੇ ਇਹ ਹੋਣਹਾਰ ਗਾਇਕ ਅੱਜਕੱਲ ਉਚਕੋਟੀ ਸਿਨੇਮਾ ਪਲੇਬੈਕ ਗਾਇਕਾਂ ਵਿਚ ਆਪਣਾ ਸ਼ੁਮਾਰ ਕਰਵਾਉਂਦੇ ਹਨ, ਜਿੰਨ੍ਹਾਂ ਨੂੰ ‘ਤੇਰੀ ਮਿੱਟੀ’ ਅਤੇ ਹੋਰ ਵੱਖ-ਵੱਖ ਗਾਣਿਆਂ ਲਈ ਸਰਵੋਤਮ ਗਾਇਕ ਦੇ ਤੌਰ 'ਤੇ ਫ਼ਿਲਮਫੇਅਰ, ਆਈਫ਼ਾ ਅਤੇ ਰਾਸ਼ਟਰੀ ਫਿਲਮ ਪੁਰਸਕਾਰ ਜਿਹੇ ਮਾਣਮੱਤੇ ਐਵਾਰਡਜ਼ ਨਾਲ ਵੀ ਨਿਵਾਜ਼ਿਆ ਜਾ ਚੁੱਕਾ ਹੈ।
ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਅਤੇ ਪੰਜਾਬੀ ਸਟਾਰ ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਅਮਰਿੰਦਰ ਗਿੱਲ, ਹਾਰਡੀ ਸੰਧੂ, ਐਮੀ ਵਿਰਕ, ਜੱਸੀ ਗਿੱਲ ਤੋਂ ਇਲਾਵਾ ਕਈ ਵੱਡੇ ਸਟਾਰਾਂ ਲਈ ਪ੍ਰਭਾਵੀ ਪਲੇਬੈਕ ਕਰ ਚੁੱਕੇ ਬੀ ਪਰਾਕ ਧਰਮਾ ਪ੍ਰੋੋਡੋਕਸ਼ਨ ਦੀ ਅਨੁਰਾਗ ਸਿੰਘ ਨਿਰਦੇਸ਼ਿਤ ‘ਕੇਸਰੀ’ ਤੋਂ ਇਲਾਵਾ ‘ਗੁੱਡ ਨਿਊਜ਼’, ‘ਬਾਲਾ’, ‘ਬਾਟਲਾ ਹਾਊਸ’ , ‘ਕਿਸਮਤ’, ‘ਹਨੀਮੂਨ’ ਆਦਿ ਕਈ ਬਹੁਚਰਚਿਤ ਹਿੰਦੀ, ਪੰਜਾਬੀ ਫਿਲਮਾਂ ਨਾਲ ਜੁੜੇ ਰਹੇ ਹਨ।
ਮੂਲ ਰੂਪ ਵਿਚ ਚੰਡੀਗੜ੍ਹ ਨਾਲ ਸੰਬੰਧਤ ਅਤੇ ਇੰਨ੍ਹੀਂ ਦਿਨ੍ਹੀਂ ਮਾਇਆਨਗਰੀ ਮੁੰਬਈ ਨੂੰ ਆਪਣੀ ਕਰਮਭੂਮੀ ਬਣਾ ਚੁੱਕੇ ਬੀ ਪਰਾਕ ਮਸ਼ਹੂਰ ਪੰਜਾਬੀ ਸੰਗੀਤਕਾਰ ਵਰਿੰਦਰ ਬੱਚਨ ਦੇ ਸਪੁੱਤਰ ਹਨ, ਜਿੰਨ੍ਹਾਂ ਦੀ ਮੰਨੇ ਪ੍ਰਮੰਨੇ ਗੀਤਕਾਰ ਜਾਨੀ ਨਾਲ ਸਿਨੇਮਾ ਖੇਤਰ ਵਿਚ ਟਿਊਨਿੰਗ ਪੜ੍ਹਾਅ ਦਰ ਪੜ੍ਹਾਅ ਨਵੇਂ ਦਿਸਹਿੱਦੇ ਸਿਰਜ ਰਹੀ ਹੈ।
- Rajkummar Rao: ਹੁਣ ਰਾਜਕੁਮਾਰ ਰਾਓ ਨਿਭਾਉਣਗੇ ਸ਼ਹੀਦ ਭਗਤ ਸਿੰਘ ਦੀ ਭੂਮਿਕਾ, ਪਹਿਲਾਂ ਬਣੇ ਸਨ ਨੇਤਾ ਜੀ ਸੁਭਾਸ਼ ਚੰਦਰ ਬੋਸ
- Mastaney Release Date: ਇੰਤਜ਼ਾਰ ਖਤਮ...ਸਾਹਮਣੇ ਆਈ ਫਿਲਮ 'ਮਸਤਾਨੇ' ਦੀ ਰਿਲੀਜ਼ ਡੇਟ, ਇਸ ਅਗਸਤ ਹੋਵੇਗੀ ਰਿਲੀਜ਼
- Adipurush Collection Day 13: ਬਾਕਸ ਆਫਿਸ 'ਤੇ ਡਿੱਗੀ 'ਆਦਿਪੁਰਸ਼', ਜਾਣੋ 13ਵੇਂ ਦਿਨ ਦੀ ਕਮਾਈ
ਉਕਤ ਪ੍ਰਾਪਤੀਆਂ ਨਾਲ ਸ਼ਾਨ ਭਰੇ ਕਰੀਅਰ ਦਾ ਆਨੰਦ ਉਠਾ ਰਹੇ ਇਹ ਹੋਣਹਾਰ ਗਾਇਕ ਆਪਣੇ ਪਲੇਠੇ ਅਮਰੀਕਾ ਸੰਗੀਤ ਕੰਨਸਰਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੀ ਟੀਮ ਅਨੁਸਾਰ ਅਮਰੀਕਾ ਤੋਂ ਇਲਾਵਾ ਕੈਨੇਡਾ ਦੇ ਵੀ ਕੁਝ ਹਿੱਸਿਆਂ ਵਿਚ ਇਹ ਸੰਗੀਤ ਕੰਨਸਰਟ ਆਯੋਜਿਤ ਕੀਤੇ ਜਾ ਰਹੇ ਹਨ।
ਯੂ.ਐਸ.ਏ ਦੇ ਨਾਮਵਰ ਇੰਟਰਟੇਨਮੈਂਟ ਸੋਅਜ਼ ਪ੍ਰੋਮੋਟਰ ਅਮਿਤ ਜੇਟਲੀ ਅਤੇ ਸਾਈ ਯੂ.ਐਸ.ਏ ਇੰਕ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਉਕਤ ਸੋਅਜ਼ ਦੀ ਸ਼ੁਰੂਆਤ 16 ਸਤੰਬਰ ਨੂੰ ਨਿਊਜਰਸੀ ਤੋਂ ਹੋਵੇਗੀ, ਜਿਸ ਉਪਰੰਤ ਹਿਊਸਟੋਨ, ਡਲਾਸ, ਸਨਜੋਸ਼, ਨਿਊਯਾਰਕ ਅਤੇ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਇਹ ਸ਼ੋਅ ਲੜ੍ਹੀ ਜਾਰੀ ਰਹੇਗੀ, ਜਿਸ ਦੀਆਂ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਅਨੁਸਾਰ ਮੁਕੰਮਲ ਕਰ ਲਈਆਂ ਗਈਆਂ ਹਨ।
ਓਧਰ ਜੇਕਰ ਬੀ ਪਰਾਕ ਦੇ ਮੌਜੂਦਾ ਫਿਲਮੀ ਪੈਂਡੇ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹੀਂ ਦਿਨ੍ਹੀਂ ਵੀ ਉਨ੍ਹਾਂ ਦੀਆਂ ਗਾਇਕ-ਸੰਗੀਤਕਾਰ ਦੇ ਤੌਰ 'ਤੇ ਹਿੰਦੀ-ਪੰਜਾਬੀ ਤੋਂ ਇਲਾਵਾ ਤੇਲਗੂ ਇੰਡਸਟਰੀ ਵਿਚ ਵੀ ਮਸ਼ਰੂਫ਼ੀਅਤ ਸ਼ਿਖਰ 'ਤੇ ਹੈ, ਜਿੰਨ੍ਹਾਂ ਦੀ ਆਵਾਜ਼ ਅਤੇ ਸੰਗੀਤ ਨਾਲ ਸਜੇ ਕਈ ਗੀਤ ਆਉਣ ਵਾਲੀਆਂ ਕਈ ਫਿਲਮਾਂ ਵਿਚ ਵੇਖਣ ਅਤੇ ਸੁਣਨ ਨੂੰ ਮਿਲਣਗੇ।