ਜਲੰਧਰ: ਦੁਨੀਆਂ ਭਰ ਵਿੱਚ ਹਾਕੀ ਦੇ ਮੱਕੇ ਵਜੋਂ ਜਾਣਿਆ ਜਾਂਦਾ ਇਹ ਹੈ ਜਲੰਧਰ ਜ਼ਿਲ੍ਹੇ ਦਾ ਪਿੰਡ ਸੰਸਾਰਪੁਰ ਇਸ ਪਿੰਡ ਨੇ ਭਾਰਤੀ ਹਾਕੀ ਨੂੰ 14 ਓਲੰਪੀਅਨ ਖਿਡਾਰੀਆਂ ਦੀ ਦੇਣ ਦਿੱਤੀ ਹੈ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ।
ਸੰਸਾਰਪੁਰ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਪੈਂਦਾ ਤੇ ਇਸ ਹਲਕੇ ਦੀ ਵਿਧਾਨ ਸਭਾ ਵਿੱਚ ਨੁਮਾਇੰਦਗੀ ਕਰ ਰਹੇ ਹਨ ਭਾਰਤ ਦੇ ਅਰਜਨਾ ਐਵਾਰਡੀ ਓਲੰਪੀਅਨ ਅਤੇ ਉੱਘੇ ਹਾਕੀ ਖਿਡਾਰੀ ਪ੍ਰਗਟ ਸਿੰਘ।
ਇਸ ਪਿੰਡ ਦੇ ਬਾਸ਼ਿੰਦੇ ਆਪਣੇ ਨੁਮਾਇੰਦੇ ਤੋਂ ਕਿੰਨੇ ਕੁ ਖੁਸ਼ ਹਨ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਥੋਂ ਲਗਾ ਸਕਦੇ ਹੋ ਕਿ ਚੋਣਾਂ ਦੇ ਮਾਹੌਲ ਵਿੱਚ ਪਿੰਡ ਦੇ ਲੋਕਾਂ ਵੱਲੋਂ ਸਰਬ-ਸੰਮਤੀ ਨਾਲ ਪੋਸਟਰ ਤੱਕ ਲਗਵਾ ਦਿੱਤੇ ਗਏ ਹਨ ਕਿ ਜੇ ਸਾਡੇ ਪਿੰਡ ਦਾ ਵਿਕਾਸ ਨਹੀਂ ਕਰਵਾ ਸਕਦੇ ਤਾਂ ਵੋਟਾਂ ਮੰਗਣ ਵੀ ਨਾ ਆਓ।
ਪਿੰਡ ਵਿੱਚ ਲੱਗੇ ਬੋਰਡ ਜਿਸ 'ਤੇ ਪਿੰਡ ਦੀ ਸਾਂਝੀ ਸੁਸਾਇਟੀ ਵੱਲੋਂ ਸਾਫ਼ ਸ਼ਬਦਾਂ ਵਿੱਚ ਲਿਖਿਆ ਗਿਆ ਕਿ ਜੇ ਸੜਕਾਂ ਦੇ ਖੱਡੇ ਜਨਤਾ ਆਪ ਭਰੇ, ਸਕੂਲਾਂ ਉੱਤੇ ਪੈਸੇ ਐਨਆਰਆਈ ਖਰਚਣ ਤੇ ਕੈਂਪ ਲਾ ਕੇ ਦਵਾਈਆਂ ਵੀ ਆਪ ਵੰਡਣ ਤਾਂ ਫਿਰ ਵੋਟਾਂ ਪਾ ਕੇ ਐੱਮਐੱਲਏ ਤੇ ਐੱਮਪੀ ਚੁਣਨ ਦੀ ਕੀ ਲੋੜ ਹੈ ?
ਤੁਹਾਨੂੰ ਦੱਸ ਦਈਏ ਕਿ ਓਲੰਪੀਅਨ ਪ੍ਰਗਟ ਸਿੰਘ ਜਲੰਧਰ ਛਾਉਣੀ ਹਲਕੇ ਦੀ ਲਗਾਤਾਰ ਦੂਸਰੀ ਵਾਰ ਨੁਮਾਇੰਦਗੀ ਕਰ ਰਹੇ ਹਨ।
2012 ਤੋਂ 2017 ਦੌਰਾਨ ਉਹ ਅਕਾਲੀ ਦਲ ਵੱਲੋਂ ਇੱਥੋਂ ਵਿਧਾਇਕ ਵੀ ਚੁਣੇ ਗਏ ਸਨ ਤੇ 2017 ਵਿਧਾਨ ਸਭਾ ਚੋਣਾਂ ਦੇ ਵਿੱਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ ਤੋਂ ਇੱਥੋਂ ਜਿੱਤ ਹਾਸਲ ਕੀਤੀ।
ਇਹ ਵੀ ਦੱਸ ਦਈਏ ਕਿ ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦਾ ਇਹ ਪਿੰਡ ਪਹਿਲਾਂ ਗ੍ਰਾਮ ਪੰਚਾਇਤ ਵਿੱਚ ਪੈਂਦਾ ਸੀ ਪਰੰਤੂ ਕੁਝ ਸਮੇਂ ਤੋਂ ਇਹ ਖੇਤਰ ਨਗਰ ਨਿਗਮ ਦੇ ਅਧੀਨ ਆ ਗਿਆ ਹੈ।