ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਹੁਣ ਇਨ੍ਹਾਂ ਨਤੀਜਿਆਂ ਦੀ ਸਮੀਖਿਆ ਜਾਰੀ ਹੈ। ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਕੋਲ ਦਾਖ਼ਲ ਕੀਤੇ ਹਲਫ਼ਨਾਮਿਆਂ ਦੇ ਆਧਾਰ 'ਤੇ ਇੱਕ ਗ਼ੈਰ-ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਡੇਮੋਕ੍ਰੈਟਿਕ ਰਿਫਾਰਮਜ਼ (ਏਡੀਆਰ) ਵੱਲੋਂ ਜਾਰੀ ਕੀਤੀ ਇੱਕ ਸੂਚੀ ਮੁਤਾਬਕ ਇਸ ਵਾਰ ਲੋਕ ਸਭਾ ਵਿੱਚ 475 ਸੰਸਦ ਮੈਂਬਰ ਅਜਿਹੇ ਹਨ ਜਿਨ੍ਹਾਂ 'ਦੀ ਜਾਇਦਾਦ 1 ਕਰੋੜ ਤੋਂ ਵੱਧ ਹੈ ਤੇ 233 ਸੰਸਦ ਮੈਂਬਰ ਉਹ ਹਨ, ਜਿਨ੍ਹਾਂ 'ਤੇ ਕੋਈ ਨਾ ਕੋਈ ਅਪਰਾਧਕ ਮਾਮਲਾ ਦਰਜ ਹੈ।
ਕਮਲ ਨਾਥ ਦਾ ਬੇਟਾ ਸਭ ਤੋਂ ਅਮੀਰ ਸਾਂਸਦ
ਏਡੀਆਰ ਵੱਲੋਂ ਜਾਰੀ ਕੀਤੀ ਇਸ ਸੂਚੀ ਮੁਤਾਬਕ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਪੁੱਤਰ ਨਕੁਲ ਨਾਥ, ਜੋ ਕਿ ਛਿੰਦਵਾੜਾ (ਮੱਧ ਪ੍ਰਦੇਸ਼) ਤੋਂ ਸੰਸਦ ਮੈਂਬਰ ਚੁਣੇ ਗਏ ਹਨ, ਸਭ ਤੋਂ ਅਮੀਰ ਸਾਂਸਦ ਹਨ। 475 ਕਰੋੜਪਤੀ ਸੰਸਦ ਮੈਂਬਰਾਂ ਦੀ ਇਸ ਸੂਚੀ ਵਿੱਚ ਨਕੁਲ ਨਾਥ ਸਭ ਤੋਂ ਉੱਪਰ ਹਨ ਜਿਨ੍ਹਾਂ ਦੀ ਕੁੱਲ ਜਾਇਦਾਦ 660 ਕਰੋੜ ਰੁਪਏ ਦੇ ਕਰੀਬ ਦੱਸੀ ਦਾ ਰਹੀ ਹੈ।
ਭਾਜਪਾ ਦੇ 301, ਕਾਂਗਰਸ ਦੇ 43 ਸਾਂਸਦ ਕੋਰੜਪਤੀ
17ਵੀਂ ਲੋਕ ਸਭਾ ਵਿੱਚ ਭਾਜਪਾ ਦੇ 303 ਸੰਸਦ ਮੈਂਬਰ ਤੇ ਕਾਂਗਰਸ ਦੇ 52 ਸੰਸਦ ਮੈਂਬਰ ਹਨ। ਏਡੀਆਰ ਨੇ ਦੱਸਿਆ ਕਿ 542 ਸਾਂਸਦਾਂ ਵਿੱਚੋਂ ਭਾਜਪਾ ਦੇ 2 ਅਤੇ ਕਾਂਗਰਸ ਦੇ 1 ਸਾਂਸਦ ਦੇ ਹਲਫ਼ਨਾਮਿਆਂ ਦੀ ਜਾਣਕਾਰੀ ਨਹੀਂ ਮਿਲ ਸਕੀ। ਭਾਜਪਾ ਦੇ 301 ਸਾਂਸਦਾਂ ਵਿੱਚੋਂ 265 (88%) ਸਾਂਸਦ ਕਰੋੜਪਤੀ ਹਨ ਤੇ ਐਨਡੀਏ ਵਿੱਚ ਭਾਜਪਾ ਦੀ ਭਾਈਵਾਲ ਸ਼ਿਵਸੈਨਾ ਦੇ ਸਾਰੇ ਜੇਤੂ 18 ਸੰਸਦ ਮੈਂਬਰ 1 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਹਨ ਜਦਕਿ ਕਾਂਗਰਸ ਦੇ 51 ਵਿੱਚੋਂ 43 ਸਾਂਸਦ ਕਰੋੜਪਤੀ ਹਨ।
ਅਪਰਾਧਿਕ ਮਾਮਲਿਆਂ ਦਾ ਵੇਰਵਾ
- ਦਰਜ ਅਪਰਾਧਿਕ ਮਾਮਲਿਆਂ ਦੀ ਕੁੱਲ ਗਿਣਤੀ : 233
- ਗੰਭੀਰ ਅਪਰਾਧਿਕ ਮਾਮਲਿਆਂ 'ਚ ਮੁਲਜ਼ਮ ਸੰਸਦ ਮੈਬਰ : 159
- ਮਹਿਲਾਵਾਂ ਵਿਰੁੱਧ ਅਪਰਾਧ ਦੇ ਮਾਮਲਿਆਂ 'ਚ ਮੁਲਜ਼ਮ : 19
- ਜਬਰ ਜਨਾਹ ਦੇ ਮਾਮਲਿਆਂ 'ਚ ਮੁਲਜ਼ਮ : 3
- ਅਪਰਾਧਿਕ ਮਾਮਲਿਆਂ 'ਚ ਦੋਸ਼ੀ ਸਾਬਤ ਸੰਸਦ ਮੈਂਬਰ : 10