ਲੁਧਿਆਣਾ : ਸਮਰਾਲਾ ਦੇ ਪਿੰਡ ਓਟਾਲਾ ਵਿਖੇ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ 5 ਸਾਲਾ ਮਾਸੂਮ ਬੱਚੀ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੇ ਪਰਿਵਾਰ ਨੇ ਸਿਵਲ ਹਸਪਤਾਲ ਸਮਰਾਲਾ ਦੇ ਸਟਾਫ 'ਤੇ ਸਹੀ ਢੰਗ ਨਾਲ ਇਲਾਜ ਨਾ ਕਰਨ ਦੇ ਦੋਸ਼ ਵੀ ਲਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਸਮਰਾਲਾ ਤੋਂ ਮੋਟਰਸਾਈਕਲ 'ਤੇ ਆਪਣੇ ਪਿੰਡ ਓਟਾਲਾ ਵਿਖੇ ਗਏ ਸਨ, ਅਜੇ ਉਹ ਪਿੰਡ ਦਾਖਲ ਹੋਏ ਕਿ ਮੋਟਰ ਸਾਈਕਲ 'ਤੇ ਅੱਗੇ ਬੈਠੀ ਉਸ ਦੀ 5 ਸਾਲਾ ਧੀ ਦਿਲਪ੍ਰੀਤ ਚਾਈਨਾ ਡੋਰ ਦੀ ਚਪੇਟ 'ਚ ਆ ਗਈ। ਚਾਈਨਾ ਡੋਰ ਕਾਰਨ ਉਸ ਦੇ ਗਲੇ 'ਤੇ ਡੂੰਘਾ ਕੱਟ ਲੱਗ ਗਿਆ। ਪਿੰਡ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਇਲਾਜ ਲਈ ਬੱਚੀ ਨੂੰ ਸਿਵਲ ਹਸਪਤਾਲ ਸਮਰਾਲਾ ਦਾਖਲ ਕਰਵਾਇਆ। ਉਥੇ ਦੇ ਹਸਪਤਾਲ ਸਟਾਫ ਨੇ ਡਾਕਟਰ ਨਾ ਹੋਣ ਦੀ ਗੱਲ ਆਖੀ ਤੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਚੰਡੀਗੜ੍ਹ ਲਿਜਾਂਦੇ ਹੋਏ ਰਸਤੇ 'ਚ ਬੱਚੀ ਦੀ ਮੌਤ ਹੋ ਗਈ।
ਪਿੰਡ ਵਾਸੀਆਂ ਨੇ 5 ਸਾਲਾ ਮਾਸੂਮ ਦੀ ਮੌਤ ਲਈ ਸਥਾਨਕ ਪ੍ਰਸ਼ਾਸਨ ਤੇ ਹਸਪਤਾਲ ਦੇ ਸਟਾਫ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਸਿਵਲ ਹਸਪਤਾਲ ਸਮਰਾਲਾ ਦੇ ਸਟਾਫ 'ਤੇ ਸਹੀ ਢੰਗ ਨਾਲ ਇਲਾਜ ਨਾ ਕਰਨ ਦੇ ਦੋਸ਼ ਲਾਏ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਚਾਈਨਾ ਡੋਰ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਸਣੇ ਮ੍ਰਿਤਕਾ ਦੇ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮਾਮਲੇ ਬਾਰੇ ਦੱਸਦੇ ਹੋਏ ਸਮਰਾਲਾ ਦੇ ਐਸਐਚਓ ਕੁਲਜਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਪਿੰਡ 'ਚ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਬਾਰੇ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਹੈ। ਐਸਐਚਓ ਨੇ ਕਿਹਾ ਪੀੜਤ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।