ਤਰਨਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਵਲਟੋਹਾ ਪੁਲਿਸ ਨੇ ਪੁਰਾਣੀ ਰੰਜਿਸ਼ ਤਹਿਤ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਸਮੇਤ 6-7 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।
ਥਾਣਾ ਵਲਟੋਹਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਸਰਪੰਚ ਸ਼ੇਰ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਸਾਥੀ ਗੁਰਕੀਰਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਸਕੱਤਰ ਆਪਣੀ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਵਲਟੋਹਾ ਬਲਾਕ ਤੋਂ ਵਾਪਸ ਆਪਣੇ ਪਿੰਡ ਸਕੱਤਰਾਂ ਨੂੰ ਵਾਇਆ ਅਮਰਕੋਟ ਉੱਤੇ ਆ ਰਹੇ ਸਨ ਕਿ ਕਰੀਬ ਸ਼ਾਮੀ 4.15 ਵਜੇ ਦਾ ਜਦੋਂ ਉਹਨਾਂ ਉੱਤੇ ਹਾਮਲਾ ਹੋਇਆ।
ਉਹਨਾਂ ਦੱਸਿਆ ਕਿ ਜਦੋਂ ਉਹ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਪਿੰਡ ਚੀਮਾ ਵਿਖੇ ਪਹੁੰਚੇ ਤਾਂ ਪਿੱਛੋਂ ਇੱਕ ਸਵਿਫਟ ਗੱਡੀ (ਰੰਗ ਚਿੱਟਾ ਨੰ :PB-46-AE-5813) ਆਈ, ਜਿਸ ਨੂੰ ਇੱਕ ਨੌਜਵਾਨ ਚਲਾ ਰਿਹਾ ਸੀ ਅਤੇ ਕੰਡਕਟਰ ਸੀਟ ਉੱਤੇ ਵੀ ਇੱਕ ਹੋਰ ਨੌਜਵਾਨ ਹੀ ਬੈਠਾ ਸੀ ਉਸਦੇ ਨਾਲ ਹੀ ਪਿੱਛੋਂ ਇੱਕ ਹੋਰ ਸਵਿਫਟ ਗੱਡੀ (ਨੰ: PB-46-W-0885) ਆਈ ਜਿਸ ਵਿੱਚ 3-4 ਨੌਜਵਾਨ ਵਿਅਕਤੀ ਸਵਾਰ ਸੀ ਅਤੇ ਇੱਕ ਮਹਿੰਦਰਾ ਐਕਸ ਯੂਵੀ ਗੱਡੀ (ਨੰ : DL-7-CM-1012, ਰੰਗ ਸਿਲਵਰ) ਜਿਸ ਨੂੰ ਸਤਪਾਲ ਸਿੰਘ ਉਰਫ ਪਾਲ ਪੁੱਤਰ ਜਸਵੰਤ ਸਿੰਘ ਵਾਸੀ ਠੱਠੀ ਜੈਮਲ ਸਿੰਘ ਚਲਾ ਰਿਹਾ ਸੀ।
ਉਸ ਨਾਲ 2-3 ਵਿਅਕਤੀ ਹੋਰ ਸੀ ਤਾਂ ਸਤਪਾਲ ਸਿੰਘ ਉਕਤ ਅਤੇ ਗੱਡੀ ਵਿੱਚ ਸਵਾਰ ਬੈਠੇ ਹੋਰ ਵਿਅਕਤੀ ਲਲਕਾਰੇ ਮਾਰ ਰਹੇ ਸੀ ਅਤੇ ਕਹਿ ਰਹੇ ਸੀ ਕਿ "ਅੱਜ ਸ਼ੇਰਾ ਸੁੱਕਾ ਨਾ ਜਾਵੇ"। ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਚਲਦੀ ਗੱਡੀ ਉੱਤੇ ਗੋਲੀਆਂ ਚਲਾਈਆਂ। ਜਿਨ੍ਹਾਂ ਵਿੱਚੋਂ ਇੱਕ ਗੋਲੀ ਉਨ੍ਹਾਂ ਦੀ ਸਕਾਰਪੀਓ ਗੱਡੀ ਦੀ ਬੈਕਸਾਈਡ ਡਿੱਗੀ ਤੇ ਜਾ ਲੱਗੀ ਅਤੇ ਦੋ-ਤਿੰਨ ਗੋਲੀਆਂ ਗੱਡੀ ਦੇ ਉੱਪਰੋਂ ਦੀ ਲੰਘ ਗਈਆਂ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਥੱਲ੍ਹੇ ਹੋਣ ਕਰ ਕੇ ਉਨ੍ਹਾਂ ਉਕਤ ਹਮਲਾਵਰਾਂ ਨੂੰ ਪਛਾਣ ਲਿਆ ਅਤੇ ਤੁਰੰਤ ਇਸ ਸਬੰਧੀ ਥਾਣਾ ਵਲਟੋਹਾ ਨੂੰ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਥਾਣਾ ਵਲਟੋਹਾ ਦੀ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਉਕਤ ਹਮਲਾਵਰਾਂ ਦੀ ਛਾਣਬੀਣ ਕਰਕੇ ਤਿੰਨ ਵਿਅਕਤੀਆਂ ਸਮੇਤ 6-7 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਉੱਥੇ ਹੀ ਆਪਣੇ ਨਾਲ ਵਾਪਰੀ ਇਸ ਘਟਨਾ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਸ਼ੇਰ ਸਿੰਘ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਉਕਤ ਵਿਅਕਤੀਆਂ ਨੇ ਪਹਿਲਾਂ ਵੀ ਉਸ ਅਤੇ ਉਸ ਦੇ ਲੜਕੇ ਉੱਤੇ ਕਈ ਹਮਲੇ ਕੀਤੇ ਹਨ ਅਤੇ ਪਾਰਟੀਬਾਜ਼ੀ ਹੋਣ ਕਰ ਕੇ ਸਭ ਕੀਤਾ ਜਾ ਰਿਹਾ ਹੈ। ਸ਼ੇਰ ਸਿੰਘ ਨੇ ਕਿਹਾ ਕਿ ਜੇ ਇਸ ਤੋਂ ਬਾਅਦ ਉਸਦਾ ਅਤੇ ਉਸਦੇ ਪਰਿਵਾਰ ਦਾ ਕੋਈ ਵੀ ਨਿੱਜੀ ਨੁਕਸਾਨ ਹੁੰਦਾ ਹੈ ਤਾਂ ਉਕਤ ਵਿਅਕਤੀਆਂ ਸਮੇਤ ਕੁੱਝ ਹੋਰ ਸਿਆਸੀ ਲੀਡਰ ਜ਼ਿੰਮੇਵਾਰ ਹੋਣਗੇ। ਜਿਨ੍ਹਾਂ ਸਬੰਧੀ ਉਨ੍ਹਾਂ ਨੇ ਥਾਣਾ ਵਲਟੋਹਾ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਸਰਪੰਚ ਸ਼ੇਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਪਾਸੋਂ ਮੰਗ ਕੀਤੀ ਕਿ ਆਏ ਦਿਨ ਹੀ ਉਨ੍ਹਾਂ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਹੋ ਰਹੇ ਹਮਲਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਜਾਨ ਮਾਲ ਦੀ ਰੱਖਿਆ ਨੂੰ ਯਕੀਨੀ ਬਣਾਉਂਦਿਆਂ ਸਕਿਓਰਿਟੀ ਦਿੱਤੀ ਜਾਵੇ। ਉੱਥੇ ਹੀ ਜਦ ਇਸ ਸਬੰਧੀ ਥਾਣਾ ਵਲਟੋਹਾ ਦੇ ਐੱਸਐੱਚਓ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਧੰਨ ਕਿਹਾ ਕਿ ਸ਼ੇਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਬਖਸ਼ੀਸ਼ ਸਿੰਘ ਉਰਫ ਸੋਨਾ ਪੁੱਤਰ ਕਾਬਲ ਸਿੰਘ , ਮਹਾਂਬੀਰ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਸਕੱਤਰਾ ਅਤੇ ਸਤਪਾਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਠੱਠੀ ਜੈਮਲ ਸਿੰਘ ਸਮੇਤ 6-7 ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਲਟੋਹਾ ਪੁਲਸ ਵੱਲੋਂ ਇਸ ਮਾਮਲੇ ਤੇ ਤੁਰੰਤ ਐਕਸ਼ਨ ਲੈਂਦਿਆਂ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਵਲਟੋਹਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਦ ਇਸ ਮਾਮਲੇ ਦਾ ਪਤਾ ਚਲਦਿਆਂ ਹੀ ਪੱਤਰਕਾਰਾਂ ਦੀ ਟੀਮ ਥਾਣਾ ਵਲਟੋਹਾ ਦੀ ਪੁਲਿਸ ਦਾ ਪੱਖ ਜਾਨਣ ਲਈ ਪਹੁੰਚੀ ਤਾਂ ਵਲਟੋਹਾ ਪੁਲਿਸ ਵੱਲੋਂ ਥਾਣੇ ਅੱਗੇ ਜ਼ਿਆਦਾ ਭੀੜ ਉਮੜੀ ਦੇਖ ਥਾਣੇ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨ ਨੇ ਕਣਕ ਅਤੇ ਝੋਨਾ ਛੱਡ ਕੀਤੀ ਇਹ ਖੇਤੀ, ਕਮਾ ਰਿਹੈ ਲੱਖਾਂ...