ਤਰਨ ਤਾਰਨ: ਜ਼ਿਲ੍ਹੇ ਦੇ ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਬਲੇਰ ਦੇ ਰਹਿਣ ਵਾਲੇ ਇੱਕ 19 ਸਾਲਾਂ ਦੇ ਨੌਜਵਾਨ ਦਾ ਲਿਬਨਾਨ ਵਿਖੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਹ ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆ ਸਕਣ।
ਮ੍ਰਿਤਕ ਦੀ ਪਛਾਣ ਗੁਰਲਵਜੀਤ ਸਿੰਘ (19 ) ਪਿੰਡ ਬਲੇਰ ਦੇ ਵਸਨੀਕ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿਗੁਰਲਵਜੀਤ 7 ਮਹੀਨੇ ਪਹਿਲਾਂ ਹੀ ਲਿਬਨਾਨ ਵਿਖੇ ਕਮਾਈ ਕਰਨ ਲਈ ਗਿਆ ਸੀ। ਤਿੰਨ-ਚਾਰ ਦਿਨ ਪਹਿਲਾਂ ਗੁਰਲਵਜੀਤ ਅਤੇ ਉਸ ਦੇ ਪੰਜਾਬੀ ਸਾਥੀ ਇੱਕ ਦੋਸਤ ਦੇ ਪੰਜਾਬ ਤੋਂ ਵਾਪਸ ਮੁੜਨ 'ਤੇ ਡੀ.ਜੇ ਵਜਾ ਕੇ ਖੁਸ਼ੀਆਂ ਮਨਾ ਰਹੇ ਸਨ। ਗੁਆਂਢ'ਚ ਰਹਿਣ ਵਾਲੇ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਉੱਚੀ ਆਵਾਜ਼ 'ਚ ਡੀਜੇ ਵਜਾਉਣ ਤੋਂ ਰੋਕਿਆ ਜਿਸ ਤੋਂ ਬਾਅਦ ਗੁਰਲਵਜੀਤ ਅਤੇ ਉਸ ਦੇ ਪੰਜਾਬੀ ਸਾਥੀਆਂ ਨੇ ਡੀ.ਜੇ ਬੰਦ ਕਰ ਦਿੱਤਾ। ਉਹ ਸਾਰੇ ਸੌਂ ਗਏ ਪਰ ਕੁਝ ਸਮੇਂਮਗਰੋਂ ਗੁਆਂਢੀ ਨੌਜਵਾਨ ਨੇ ਉਨ੍ਹਾਂ ਉੱਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗੁਰਲਵਜੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੇ ਕੁਝ ਸਾਥੀ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਸਵੇਰੇ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਨੇ ਭਾਰਤ ਅਤੇ ਸੂਬਾ ਸਰਕਾਰ ਕੋਲੋਂ ਮ੍ਰਿਤਕ ਦੀ ਦੇਹ ਘਰ ਪਹੁੰਚਾਣ ਲਈ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲਿਬਨਾਨ ਦੇ ਸਰਕਾਰੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਅਤੇ ਨਾਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸੂਬਾ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।