ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਤੇ ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਚੇਲਾ ਵਿਖੇ ਇਕ ਵਿਆਹੁਤਾ ਵੱਲੋਂ ਭੇਤਭਰੇ ਹਾਲਾਤਾਂ ਚ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮ੍ਰਿਤਕਾ ਦੇ ਪਤੀ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕਾ ਦੇ ਸਹੁਰੇ ਪਰਿਵਾਰ ’ਤੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਜਸਬੀਰ ਕੌਰ ਦਾ ਸਹੁਰਾ ਅਤੇ ਉਸ ਦਾ ਦਿਉਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਜਿਸ ਕਰਕੇ ਉਹ ਹਮੇਸ਼ਾ ਹੀ ਡਰ ਦੇ ਸਾਏ ਵਿੱਚ ਰਹਿੰਦੀ ਸੀ ਅਤੇ ਉਸ ਦੇ ਸਹੁਰੇ ਅਤੇ ਦਿਉਰ ਵੱਲੋਂ ਉਸ ਨੂੰ ਫਾਹਾ ਦੇ ਕੇ ਮਾਰ ਦਿੱਤਾ ਹੈ।
ਦੂਜੇ ਪਾਸੇ ਇਸ ਸਬੰਧੀ ਜਸਬੀਰ ਕੌਰ ਦੇ ਪਤੀ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਬਲੇਰ ਵਿਖੇ ਇੱਕ ਪੀਰਾਂ ਦੀ ਜਗ੍ਹਾ ’ਤੇ ਮੱਥਾ ਟੇਕਣ ਗਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਪਿੰਡ ਦੀ ਔਰਤਾਂ ਨੇ ਫੋਨ ਕੀਤਾ ਕਿ ਉਹ ਘਰ ਆ ਜਾਵੇ ਉਸਦੀ ਪਤਨੀ ਨੇ ਫਾਹਾ ਲੈ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਸ ਨੇ ਜਦ ਘਰ ਆ ਕੇ ਦੇਖਿਆ ਤਾਂ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਸੀ
ਮਾਮਲੇ ਸਬੰਧੀ ਮ੍ਰਿਤਕ ਦੇ ਸਹੁਰੇ ਨੇ ਦੱਸਿਆ ਕਿ ਜਸਬੀਰ ਕੌਰ ਨਾਲ ਉਨ੍ਹਾਂ ਦੀ ਕੋਈ ਵੀ ਲੜਾਈ ਨਹੀਂ ਸੀ ਅਤੇ ਨਾ ਹੀ ਅੱਜ ਕੋਈ ਗੱਲ ਹੋਈ ਹੈ ਮੈਨੂੰ ਤਾਂ ਬਾਹਰ ਕਿਸੇ ਨੇ ਦੱਸਿਆ ਕਿ ਉਸ ਦੀ ਨੂੰਹ ਨੇ ਫਾਹ ਲੈ ਲਿਆ ਹੈ। ਹਰਦੇਵ ਸਿੰਘ ਨੇ ਕਿਹਾ ਕਿ ਮੈਂ ਖੁਦ ਜਾ ਕੇ ਉਸ ਨੂੰ ਰੱਸੀ ਨਾਲੋਂ ਥੱਲੇ ਉਤਾਰਿਆ ਹੈ।
ਉੱਧਰ ਮੌਕੇ ’ਤੇ ਪਹੁੰਚੇ ਥਾਣਾ ਭਿੱਖੀਵਿੰਡ ਦੇ ਸਬ ਇੰਸਪੈਕਟਰ ਪੰਨਾ ਲਾਲ ਨੇ ਕਿਹਾ ਕਿ ਮ੍ਰਿਤਕ ਔਰਤ ਜਸਬੀਰ ਕੌਰ ਦੇ ਪੇਕੇ ਪਰਿਵਾਰ ਵੱਲੋਂ ਜੋ ਵੀ ਬਿਆਨ ਉਨ੍ਹਾਂ ਨੂੰ ਲਿਖਵਾਏ ਗਏ ਹਨ ਉਸ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾ ਦੇ ਰਹੇ ਧਰਨਾਕਾਰੀਆਂ ਨਾਲ ਪੁਲਿਸ ਨੇ ਅੱਧੀ ਰਾਤ ਕੀਤਾ ਇਹ ਕੰਮ