ਤਰਨਤਾਰਨ: ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਤੂਤ ਵਿਖੇ ਬੀਤੇ ਕੁੱਝ ਦਿਨ ਪਹਿਲਾਂ ਇੱਕ ਕਲਯੁੱਗੀ ਪੁੱਤ ਵੱਲੋਂ ਆਪਣੇ ਮਾਤਾ-ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਕਲਯੁਗੀ ਪੁੱਤ ਨੇ ਆਪਣੇ ਬਜ਼ੁਰਗ ਪਿਤਾ ਦੀ ਦਾੜ੍ਹੀ ਪੁੱਟੀ ਅਤੇ ਮਾਤਾ ਦਾ ਸ੍ਰੀ ਸਾਹਿਬ ਗਲ ਵਿੱਚੋਂ ਲਾਹ ਕੇ ਸੁੱਟ ਦਿੱਤਾ ਅਤੇ ਉਹਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਬਜ਼ੁਰਗ ਜੋੜੇ ਨੇ ਇਸ ਸਬੰਧੀ ਲਿਖਤੀ ਸ਼ਿਕਾਇਤ ਪੁਲਿਸ ਚੌਕੀ ਤੂਤ ਨੂੰ ਦਿੱਤੀ ਪਰ ਪੁਲਿਸ ਵੱਲੋਂ ਸਿਆਸੀ ਸ਼ਹਿ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਹ ਬਜ਼ੁਰਗ ਜੋੜਾ ਆਪਣੇ ਕਲਯੁੱਗੀ ਪੁੱਤ ਉੱਤੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਇਸ ਬਜ਼ੁਰਗ ਜੋੜੇ ਨੂੰ ਕਿਤੋਂ ਵੀ ਇਨਸਾਫ਼ ਨਹੀਂ ਮਿਲ ਰਿਹਾ। ਜਿਸ ਤੋਂ ਬਾਅਦ ਮੀਡੀਆ ਸਾਹਮਣੇ ਆ ਕੇ ਪੀੜਤ ਬਜ਼ੁਰਗ ਜਗਤਾਰ ਸਿੰਘ ਅਤੇ ਉਹਨਾਂਦੀ ਪਤਨੀ ਗੁਰਮੀਤ ਕੌਰ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸਐੱਸਪੀ ਨੂੰ ਚਿਤਾਵਨੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਪੁਲਿਸ ਚੌਕੀ ਤੂਤ ਦੇ ਇੰਚਾਰਜ ਨੂੰ ਜਾ ਕੇ ਮਿਲਿਆ ਜਾ ਰਿਹਾ ਹੈ ਅਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਅੱਗਿਓਂ ਪੁਲਿਸ ਚੌਕੀ ਤੂਤ ਦਾ ਇੰਚਾਰਜ ਸਿਆਸੀ ਸ਼ਹਿ ਉੱਤੇ ਉਨ੍ਹਾਂ ਦੇ ਪੁੱਤ ਉੱਤੇ ਕੋਈ ਕਾਰਵਾਈ ਨਹੀਂ ਕਰ ਰਿਹਾ, ਉੱਥੇ ਹੀ ਉਨ੍ਹਾਂ ਨੂੰ ਹਰ ਰੋਜ਼ ਚੌਂਕੀ ਵਿੱਚ ਸੱਦ ਕੇ ਜ਼ਲੀਲ ਕਰ ਰਿਹਾ ਹੈ। ਪੀੜਤ ਬਜ਼ੁਰਗ ਜੋੜੇ ਨੇ ਪੰਜਾਬ ਦੇ ਡੀਜੀਪੀ ਸਾਹਿਬ ਤੋਂ ਮੰਗ ਕੀਤੀ ਹੈ ਕਿ ਜੇ ਸਾਡੀ ਕੋਈ ਵੀ ਸੁਣਵਾਈ ਨਾ ਹੋਈ ਤਾਂ ਉਹ ਇਹ ਜ਼ਹਿਰੀਲੀ ਦਵਾਈ ਐੱਸਐੱਸਪੀ ਦਫਤਰ ਤਰਨਤਾਰਨ ਦੇ ਸਾਹਮਣੇ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣਗੇ ਅਤੇ ਜਿਸ ਦਾ ਜ਼ਿੰਮੇਵਾਰ ਪੁਲਿਸ ਚੌਕੀ ਤੂਤ ਦਾ ਇੰਚਾਰਜ ਹੋਵੇਗਾ।
ਉੱਥੇ ਹੀ ਜਦੋਂ ਇਸ ਸਬੰਧੀ ਪੁਲਿਸ ਚੌਕੀ ਤੂਤ ਦੇ ਇੰਚਾਰਜ ਮੁਖਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉੱਥੇ ਹੀ ਜਦੋਂ ਇਸ ਸਬੰਧੀ ਪੁਲਿਸ ਚੌਕੀ ਤੂਤ ਨੂੰ ਲੱਗਦੇ ਥਾਣਾ ਸਦਰ ਪੱਟੀ ਦੇ ਐੱਸਐੱਚਓ ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਆਪਣਾ ਪੱਲਾ ਝਾੜਦੇ ਹੋਏ ਕਿਹਾ, ਇਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਜੋ ਦੋਸ਼ੀ ਹੋਇਆ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਸਭ ਕੁਝ ਸਿਆਸੀ ਦਬਾਅ ਹੇਠ ਹੋ ਰਿਹਾ ਹੈ ਅਤੇ ਇਸ ਬਜ਼ੁਰਗ ਜੋੜੇ ਨੂੰ ਇਨਸਾਫ਼ ਲੈਣ ਦੀ ਖਾਤਰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ।
ਇਹ ਵੀ ਪੜ੍ਹੋ : ਕਰਨਾਟਕ ਦੇ ਨਾਟਕ ਤੋਂ ਬਾਅਦ ਪੰਜਾਬ 'ਚ ਮੁਸਲਿਮ ਕੁੜੀਆਂ ਲਈ ਵੱਡੀ ਖ਼ਬਰ