ਚੰਡੀਗੜ੍ਹ: ਪੰਜਾਬ 'ਚ ਵਾਰਦਾਤਾਂ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੇ ਹਨ। ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਵਲੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਵੀ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਪੁਲਿਸ ਦੇ ਜ਼ਿਲ੍ਹਾ ਰੂਪਨਗਰ ਅਤੇ ਸੰਗਰੂਰ ਦੀ ਪੁਲਿਸ ਨੇ ਅੰਤਰਰਾਜੀ ਗੈਂਗ ਦਾ ਪਰਦਾਫਾਸ਼ ਕੀਤਾ ਹੈ।
ਇਸ ਦੇ ਚੱਲਦਿਆਂ ਰੂਪਨਗਰ ਪੁਲਿਸ ਵਲੋਂ 5 ਮੁਲਜ਼ਮਾਂ ਨੂੰ 5 ਦੇਸੀ ਪਿਸਟਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸੰਗਰੂਰ ਪੁਲਿਸ ਵਲੋਂ ਅੰਤਰਰਾਜੀ ਗੈਰਕਾਨੂੰਨੀ ਹਥਿਆਰ ਸਪਲਾਈ ਰੈਕੇਟ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਦੇਸੀ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।
ਰੂਪਨਗਰ ਪੁਲਿਸ ਨੂੰ ਮਿਲੀ ਸਫ਼ਲਤਾ
ਇਸ ਬਾਰੇ ਮੀਡੀਆ ਨੂੰ ਸੰਬੋਧਿਤ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ਼੍ਰੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਅਧਾਰ ’ਤੇ ਬਾਹਰਲੇ ਸੂਬਿਆਂ ਤੋਂ ਨਜਾਇਜ਼ ਹਥਿਆਰ ਲਿਆ ਕੇ ਪੰਜਾਬ ਵਿੱਚ ਵੇਚਣ ਦਾ ਧੰਦਾ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ।ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਕੋਲੋਂ 5 ਪਿਸਟਲ ਦੇਸੀ .32 ਬੋਰ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਦੋਸ਼ੀਆਂ ਨੇ ਪੁੱਛਗਿੱਛ ਦੋਰਾਨ ਦੱਸਿਆ ਕਿ ਉਹ ਇਹ ਹਥਿਆਰ ਬਲਵਾੜੀ (ਮੱਧ ਪ੍ਰਦੇਸ਼) ਤੋਂ 20,000 ਰੁਪਏ ਪ੍ਰਤੀ ਪਿਸਟਲ ਖਰੀਦ ਕਰਕੇ ਲਿਆਏ ਸਨ ਅਤੇ ਇਸ ਤਰ੍ਹਾਂ ਦੇ ਲਗਭਗ 25 ਹਥਿਆਰ ਪਹਿਲਾਂ ਵੇਚ ਚੁੱਕੇ ਸਨ।
ਪੰਜ ਮੁਲਜ਼ਮ ਹਥਿਆਰਾਂ ਸਮੇਤ ਕਾਬੂ
ਉਨ੍ਹਾਂ ਦੱਸਿਆ ਕਿ ਲਵਦੀਪ ਸਿੰਘ ਉਰਫ ਭਾਊ ਵਾਸੀ ਮਸੀਤਾ ਰੋਡ ਪਿੰਡ ਕੋਟ ਈਸੇ ਖਾਂ ਜਿਲ੍ਹਾ ਮੋਗਾ, ਪਰਦੀਪ ਸਿੰਘ ਵਾਸੀ ਪਿੰਡ ਬਗਲੀ ਕਲਾਂ ਜ਼ਿਲ੍ਹਾ ਲੁਧਿਆਣਾ, ਹਰਪ੍ਰੀਤ ਸਿੰਘ ਵਾਸੀ ਪਿੰਡ ਮੀਰਾ ਕੋਟ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਇੰਦਰਪ੍ਰੀਤ ਸਿੰਘ ਵਾਸੀ ਪਿੰਡ ਗੁਰਥੜੀ ਜ਼ਿਲ੍ਹਾ ਮਾਨਸਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪੁੱਛ ਗਿੱਛ ’ਤੇ ਹਰਮਨਦੀਪ ਸਿੰਘ ਵਾਸੀ ਮਕਾਨ ਨੰਬਰ ਭ-5/64 ਪ੍ਰੀਤ ਨਗਰ ਜੰਡਿਆਲਾ ਰੋਡ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸੰਗਰੂਰ ਪੁਲਿਸ ਨੇ ਰੈਕਟ ਦਾ ਕੀਤਾ ਪਰਦਾਫਾਸ਼
ਐਸ.ਐਸ.ਪੀ. ਸੰਗਰੂਰ ਸਵਪਨ ਸ਼ਰਮਾ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਗੈਰਕਨੂੰਨੀ ਹਥਿਆਰਾਂ ਦੀ ਸਪਲਾਈ ਦੀਆਂ ਘਟਨਾਵਾਂ ਵੱਧਣ ਤੋਂ ਬਾਅਦ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇੱਕ ਮਹੀਨੇ ਦੀ ਜਾਂਚ ਦੌਰਾਨ ਐਸਆਈਟੀ ਇਸ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕਰਨ ਵਿੱਚ ਕਾਮਯਾਬ ਰਹੀ। ਉਨ੍ਹਾਂ ਕਿਹਾ ਕਿ ਪਵਨ ਵੱਲੋਂ ਕੀਤਾ ਗਿਆ ਇਹ ਦੌਰਾ ਪੰਜਾਬ ਵਿੱਚ ਕੀਤੇ ਗਏ ਕਈ ਦੌਰਿਆਂ ਵਿੱਚੋਂ ਇੱਕ ਸੀ ਜਿਸ ਦੌਰਾਨ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪਵਨ ਕੁਮਾਰ ਵਾਸੀ ਜ਼ਿਲ੍ਹਾ ਅਲੀਗੜ੍ਹ, ਯੂਪੀ ਅਤੇ ਕੁਲਵਿੰਦਰ ਸਿੰਘ ਵਾਸੀ ਕਰੀਈਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਜਿਨ੍ਹਾਂ ਪਾਸੋਂ ਪੁਲਿਸ ਨੇ ਦੋ ਦੇਸੀ ਹਥਿਆਰ ਬਰਾਮਦ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਖੁਲਾਸਾ ਕੀਤਾ ਕਿ ਮੱਧ ਪ੍ਰਦੇਸ਼ ਗੈਰ-ਕਾਨੂੰਨੀ ਹਥਿਆਰਾਂ ਦੇ ਨਿਰਮਾਣ ਦਾ ਧੁਰਾ ਬਣ ਗਿਆ ਹੈ। ਪਿਛਲੇ ਮਾਮਲਿਆਂ ਦੀ ਜਾਂਚ ਵੀ ਦੇਸੀ ਹਥਿਆਰਾਂ ਦਾ ਧੁਰਾ ਹੋਣ ਸਬੰਧੀ ਮੱਧ ਪ੍ਰਦੇਸ਼ ਵੱਲ ਇਸ਼ਾਰਾ ਕਰਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਛੇ ਮਹੀਨਿਆਂ ਵਿੱਚ ਸੰਗਰੂਰ ਪੁਲਿਸ ਨੇ ਅਸਲਾ ਐਕਟ ਅਧੀਨ 17 ਕੇਸ ਦਰਜ ਕੀਤੇ ਹਨ ਅਤੇ 32 ਦੇਸੀ ਹਥਿਆਰ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ:ਸਿੰਘੂ ਸਰਹੱਦ ‘ਤੇ ਕਤਲ ਮਾਮਲਾ: ਬਸਪਾ ਸੁਪਰੀਮੋ ਮਾਇਆਵਤੀ ਨੇ ਪੰਜਾਬ ਦੇ ਸੀਐੱਮ ਚੰਨੀ ਤੋਂ ਕੀਤੀ ਇਹ ਮੰਗ