ਪਟਿਆਲਾ : ਸ਼ਹਿਰ 'ਚ ਸਰਵੈਂਟ ਸਰਵਿਸ ਮੁਹੱਈਆ ਕਰਵਾਉਣ ਦੇ ਨਾਂਅ 'ਤੇ ਆਨਲਾਈਨ ਠੱਗੀ ਮਾਰਨ ਵਾਲੇ ਇੱਕ ਗਿਰੋਹ ਦਾ ਖੁਲਾਸਾ ਹੋਇਆ ਹੈ। ਇਸ ਮਾਮਲੇ ਦਾ ਖ਼ੁਲਾਸਾ ਠੱਗੀ ਦੇ ਸ਼ਿਕਾਰ ਪਰਿਵਾਰ ਅਤੇ ਪੁਲਿਸ ਵੱਲੋਂ ਸਾਂਝੀ ਕਾਰਵਾਈ ਦੌਰਾਨ ਹੋਇਆ।
ਇਸ ਮਾਮਲੇ ਬਾਰੇ ਦੱਸਦੇ ਹੋਏ ਮਾਡਲ ਟਾਊਨ ਥਾਣੇ ਦੇ ਇੰਚਾਰਜ ਰੋਬਿਨ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ਮਿਲੀ ਸੀ। ਠੱਗੀ ਦੇ ਸ਼ਿਕਾਰ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਆਨਲਾਈਨ ਵੈਬਸਾਈਟ ਤੋਂ ਘਰ ਵਿੱਚ ਕੰਮ ਕਰਨ ਵਾਲੀ ਲੜਕੀ ਮੁਹੱਈਆ ਕਰਵਾਏ ਜਾਣ ਲਈ ਗੱਲ ਕੀਤੀ। ਆਨਲਾਈਨ ਵੈਬਸਾਈਟ ਵੱਲੋਂ ਉਨ੍ਹਾਂ ਕੋਲੋਂ 35 ਹਜ਼ਾਰ ਰੁਪਏ ਅਡਵਾਂਸ ਲੈ ਕੇ ਛੇ ਮਹੀਨੇ ਲਈ ਕੰਮ ਕਰਨ ਵਾਲੀ ਕੁੜੀ ਨੂੰ ਪਟਿਆਲਾ ਉਨ੍ਹਾਂ ਦੇ ਘਰ ਭੇਜੇ ਜਾਣ ਦੀ ਗੱਲ ਆਖੀ ਗਈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਬਾਅਦ ਉਸ ਕੰਪਨੀ ਦੀ ਇੱਕ ਲੜਕੀ ਉਨ੍ਹਾਂ ਦੇ ਘਰ ਕੰਮ ਕਰਨ ਲਈ ਪਰ ਦੋ ਦਿਨਾਂ ਬਾਅਦ ਹੀ ਉਹ ਘਰ ਤੋਂ 40 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਈ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੁਸ਼ਤੈਦੀ ਵਿਖਾਉਂਦੇ ਹੋਏ ਪੀੜਤ ਪਰਿਵਾਰ ਨਾਲ ਮਿਲ ਕੇ ਇੱਕ ਟਰੈਪ ਤਿਆਰ ਕੀਤਾ। ਟਰੈਪ ਦੀ ਕਾਰਵਾਈ ਦੌਰਾਨ ਪੁਲਿਸ ਨੇ ਪੀੜਤ ਪਰਿਵਾਰ ਕੋਲੋਂ ਇਸੇ ਤਰ੍ਹਾਂ ਦੀ ਇੱਕ ਹੋਰ ਵੈਬਸਾਈਟ ਤੋਂ ਦੋਬਾਰਾ ਕੰਮ ਵਾਲੀ ਲੜਕੀ ਦੀ ਮੰਗ ਕਰਵਾਈ ਗਈ, ਪਰ ਕੰਪਨੀ ਵੱਲੋਂ ਮੁੜ ਉਸੇ ਲੜਕੀ ਦੀ ਫੋਟੋ ਭੇਜੀ ਗਈ, ਜਿਹੜੀ ਉਨ੍ਹਾਂ ਦੇ ਘਰ ਤੋਂ ਪਹਿਲਾਂ ਰੁਪਏ ਲੈ ਕੇ ਫ਼ਰਾਰ ਹੋਈ ਸੀ। ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਟਰੈਪ ਲਗਾ ਕੇ ਉਸ ਕੰਪਨੀ ਵੱਲੋਂ ਭੇਜੀ ਗਈ। ਦੂਜੀ ਲੜਕੀ ਕੋਲੋਂ ਪੁੱਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ : ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਅੰਤਿਮ ਸੰਸਕਾਰ ਲਈ ਪੁੱਜੇ ਕਈ ਵੱਡੇ ਸਿਆਸੀ ਆਗੂ
ਪੁਲਿਸ ਵੱਲੋਂ ਪੁੱਛਗਿੱਛ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਘਰਾਂ ਵਿੱਚ ਕੰਮ ਲਈ ਭੇਜਣ ਵਾਲੀ ਲੜਕੀਆਂ ਨੂੰ ਪਹਿਲਾਂ ਤੋਂ ਠੱਗੀ ਮਾਰਨ ਲਈ ਤਿਆਰ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਪਹਿਲਾਂ ਹੀ ਸਿੱਖਾ ਦਿੱਤਾ ਜਾਂਦਾ ਸੀ ਕਿ ਉਹ ਮਹਿਜ ਇੱਕ ਜਾਂ ਦੋ ਦਿਨ ਕੰਮ ਕਰਕੇ ਉਸ ਘਰ ਤੋਂ ਰੁਪਏ ਚੋਰੀ ਕਰਕੇ ਫ਼ਰਾਰ ਹੋ ਜਾਣ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਇਸ ਗਿਰੋਹ ਦੇ ਹੋਰਨਾਂ ਮੈਬਰਾਂ ਦੀ ਭਾਲ ਜਾਰੀ ਹੈ।