ਲੁਧਿਆਣਾ : ਭਾਰਤ ਵਿੱਚ ਜਦੋਂ ਵੀ ਆਜ਼ਾਦੀ ਸੰਘਰਸ਼ ਜਾਂ ਆਜ਼ਾਦੀ ਘੁਲਾਟੀਆਂ ਬਾਰੇ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਾਂਅ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥ ਰਾਜਗੁਰੂ ਤੇ ਸੁਖਦੇਵ ਨਾਂਅ ਆਉਂਦਾ ਹੈ। ਅੱਜ 23 ਮਾਰਚ ਨੂੰ ਦੇਸ਼ ਭਰ 'ਚ ਇਨ੍ਹਾਂ ਸ਼ਹੀਦਾਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਭਾਸ਼ਾ ਦੇ ਉੱਘੇ ਲੇਖਕ ਗੁਰਭਜਨ ਗਿੱਲ ਨੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ।
ਕਿਉਂ ਨਹੀਂ ਨੋਟਾਂ 'ਤੇ ਛਪਦੀ ਹੈ ਸ਼ਹੀਦ ਭਗਤ ਸਿੰਘ ਦੀ ਤਸਵੀਰ ?
ਲੇਖਕ ਗੁਰਭਜਨ ਗਿੱਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੇ ਦੇਸ਼ ਲਈ ਜੋ ਕੁਰਬਾਨੀ ਦਿੱਤੀ ਹੈ, ਉਸ ਦਾ ਮੁੱਲ ਸਾਰੀ ਉਮਰ ਨਹੀਂ ਮੋੜਿਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਭਗਤ ਸਿੰਘ ਦੀ ਡੱਬ 'ਚ ਰੱਖੀ ਪਿਸਤੌਲ ਨੂੰ ਤਾਂ ਜ਼ਰੂਰ ਫਾਲੋ ਕਰਦੀ ਹੈ ਪਰ ਉਨ੍ਹਾਂ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਭਗਤ ਸਿੰਘ ਦੀ ਤਸਵੀਰਾਂ ਦੀ ਨਕਲ ਕੀਤੀ ਜਾਂਦੀ ਹੈ।
ਲੇਖਕ ਗੁਰਭਜਨ ਗਿੱਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਕਸਰ ਹੀ ਇੱਕ ਸਵਾਲ ਝਿੰਝੋੜਦਾ ਰਹਿੰਦਾ ਹੈ ਕਿ ਆਖਿਰਕਾਰ ਸ਼ਹੀਦ ਭਗਤ ਸਿੰਘ ਦੀ ਫੋਟੋ ਨੋਟਾਂ 'ਤੇ ਕਿਉਂ ਨਹੀਂ ਛਪਦੀ ?
ਪੰਜਾਬ ਦੇ ਨੌਜਵਾਨਾਂ ਦੇ ਮਨਾਂ ਵਿੱਚ ਵਿਚਰਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਗੁਰਭਜਨ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਇੱਕ ਸ਼ਖਸੀਅਤ ਹੀ ਨਹੀਂ ਸਗੋਂ ਇੱਕ ਕ੍ਰਾਂਤੀਕਾਰੀ ਸੋਚ ਹੈ। ਉਨ੍ਹਾਂ ਆਖਿਆ ਕਿ ਗੱਲ ਛੋਟੇ ਜਾਂ ਵੱਡੇ ਉਮਰ ਦੇ ਹੋਣ ਦੀ ਨਹੀਂ ਹੁੰਦੀ ਸਗੋਂ ਵਿਅਕਤੀ ਆਪਣੇ ਵਿਵਹਾਰ ਤੇ ਵਿਚਾਰਾਂ ਤੋਂ ਪਛਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਦੀ ਸੋਚ ਛੋਟੀ ਉਮਰੇ ਹੀ ਬਹੁਤ ਉੱਚੀ ਸੀ। ਉਹ ਜੇਲ ਦੀ ਕੈਦ ਵਿੱਚ ਵੀ ਆਜ਼ਾਦ ਭਾਰਤ ਦਾ ਸੁਪਨਾ ਵੇਖ ਰਹੇ ਸੀ। ਗੁਰਭਜਨ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਇੱਕ ਮਹਾਨ ਵਿਚਾਰਧਾਰਾ ਵਾਲੇ ਸ਼ਖ਼ਸ ਸਨ।
ਗੁਰਭਜਨ ਨੇ ਕਿਹਾ ਕਿ ਨੋਟ ਅਕਸਰ ਫੱਟ ਜਾਂਦੇ ਨੇ, ਪਰ ਸ਼ਹੀਦ ਭਗਤ ਸਿੰਘ ਵਾਂਗ ਦੇਸ਼ ਲਈ ਕੁਰਬਾਨ ਹੋਣ ਵਾਲੀਆਂ ਸ਼ਖਸੀਅਤਾਂ ਇੰਝ ਮਿਟਾਏ ਨਹੀਂ ਮਿਟ ਸਕਦੀਆਂ। ਇਸ ਲਈ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਨੋਟਾਂ ਉੱਤੇ ਨਹੀਂ ਛਾਪਿਆ ਜਾ ਸਕਦਾ। ਸਾਡੇ ਸ਼ਹੀਦ ਜ਼ਿੰਦਗੀ ਭਰ ਦੇ ਨਾਇਕ ਹਨ ਤੇ ਸਾਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਨੌਜਵਾਨ ਲੈਣ ਭਗਤ ਸਿੰਘ ਦੀ ਅਸਲ ਸੋਚ ਤੋਂ ਪ੍ਰੇਰਣਾ
ਲੇਖਕ ਗੁਰਭਜਨ ਗਿੱਲ ਨੇ ਕਿਹਾ ਕਿ ਕਿਉਂ ਅਸੀਂ ਮਹਿਜ਼ ਸ਼ਹੀਦੀ ਦਿਵਸ ਮੌਕੇ ਇੱਕ ਦਿਨ ਹੀ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਤੇ ਸ਼ਰਧਾਂਜਲੀ ਦਿੰਦੇ ਹਾਂ। ਇੱਕੋ ਦਿਨ ਹੀ ਪੀਲੀਆਂ ਪੱਗਾਂ ਬੰਨ੍ਹਦੇ ਹਾਂ, ਜਦੋਂ ਕਿ ਲੋੜ ਹੈ ਹਰ ਰੋਜ਼ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰੀਏ। ਨੌਜਵਾਨਾਂ ਸਣੇ ਸਾਨੂੰ ਸਭ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਗਿੱਲ ਨੇ ਕਿਹਾ ਕਿ ਸਾਨੂੰ ਸਭ ਨੂੰ ਭਗਤ ਸਿੰਘ ਦੇ ਦੇਸ਼ ਪ੍ਰਤੀ ਜਜ਼ਬੇ ਤੇ ਸਮਾਜ ਪ੍ਰਤੀ ਚਿੰਤਕ ਵਜੋਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝ ਕੇ ਉਸ ਉੱਤੇ ਅਮਲ ਕਰਨਾ ਚਾਹੀਦਾ ਹੈ। ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਜ਼ੁਲਮ ਖਿਲਾਫ ਆਵਾਜ਼ ਚੁੱਕੀ ਤੇ ਆਪਣੇ ਹੱਕਾਂ ਲਈ ਲੜ੍ਹੇ। ਗੁਰਭਜਨ ਗਿੱਲ ਨੇ ਆਖਿਆ ਕਿ ਨੌਜਵਾਨਾਂ ਨੂੰ ਮਹਿਜ਼ ਭਗਤ ਸਿੰਘ ਦੀ ਸੋਚ ਦੇ ਇੱਕ ਹਿੱਸੇ ਨੂੰ ਨਹੀਂ ਸਗੋਂ ਪੂਰੇ ਹਿੱਸੇ ਨੂੰ ਫਾਲੋ ਕਰਨਾ ਚਾਹੀਦਾ ਹੈ।