ਲੁਧਿਆਣਾ:ਕੁੱਝ ਦਿਨ ਪਹਿਲਾਂ 20 ਸਾਲਾ ਇੱਕ ਮੰਦਬੁੱਧੀ ਲੜਕੀ ਨਾਲ ਹੋਏ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਦੇ ਮੁਲਜ਼ਮਾਂ ਨੂੰ ਪੁਲਸ ਵੱਲੋਂ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਇਸ ਦੇ ਰੋਸ ਵਜੋਂ ਪਿੰਡ ਦੇ ਲੋਕਾਂ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਥਾਣਾ ਸਮਰਾਲਾ ਅੱਗੇ ਹੰਗਾਮਾ ਕੀਤਾ ਗਿਆ ਤੇ ਇਸ ਮਗਰੋਂ ਲੁਧਿਆਣਾ-ਚੰਡੀਗੜ੍ਹ ਹਾਈਵੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਦੀ ਇੱਕ ਮਹਿਲਾ ਕੋਰੋਨਾ ਪੌਜ਼ੀਟਿਵ ਸੀ ਤੇ ਉਸ ਨੇ ਕੰਮ ਕਾਜ ਲਈ ਉਕਤ ਲੜਕੀ ਨੂੰ ਆਪਣੇ ਘਰ ਸੱਦ ਲਿਆ ਸੀ। ਉਸ ਦੇ ਘਰ ਰਵੀ ਨਾਂਅ ਦੇ ਇੱਕ ਵਿਅਕਤੀ ਨੇ ਮੱਦਬੁੱਧੀ ਲੜਕੀ ਨਾਲ ਜਬਰ ਜਨਾਹ ਕੀਤਾ। ਪੀੜਤਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਉਕਤ ਮਹਿਲਾ ਤੇ ਉਸ ਦੇ ਸਾਥਿਆਂ ਮਾਮਲਾ ਦਰਜ ਕਰ ਲਿਆ। ਮਾਮਲਾ ਦਰਜ ਹੋਣ ਦੇ ਕਈ ਦਿਨਾਂ ਬਾਅਦ ਵੀ ਪੁਲਿਸ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਇਸ ਦੇ ਚਲਦੇ ਉਹ ਅੱਜ ਇਥੇ ਰੋਸ ਪ੍ਰਦਰਸ਼ਨ ਕਰ ਰਹੇ। ਲੋਕਾਂ ਨੇ ਪੀੜਤਾ ਲਈ ਇਨਸਾਫ ਦੀ ਮੰਗ ਕਰਦਿਆਂ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਵਾਉਣ ਪੁੱਜੇ ਐਸਪੀਡੀ ਮਨਪ੍ਰੀਤ ਸਿੰਘ ਨੇ ਪ੍ਰਦਰਸ਼ਨਕਾਰੀਆਂ ਦੀ ਗੱਲ ਸੁਣੀ। ਉਨ੍ਹਾਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਪੀੜਤਾ ਨੂੰ ਇਨਸਾਫ ਦਵਾਉਣ ਦਾ ਭਰੋਸਾ ਦਿੱਤਾ। ਜਿਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕੀਤਾ।