ਲੁਧਿਆਣਾ: ਕੋਰੋਨਾ ਕਾਲ ਦੌਰਾਨ ਰੇਲਵੇ ਵਿਭਾਗ ਨੇ ਇੱਕ ਨਵਾਂ ਕਮਾਲ ਕਰ ਵਿਖਾਇਆ ਹੈ, ਲੁਧਿਆਣਾ ਤੋਂ ਲੈ ਕੇ ਦਿੱਲੀ ਤੱਕ ਹੁਣ ਟਰੇਨਾਂ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਨਗੀਆਂ ਜਿਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਤੁਹਾਡਾ ਸਫਰ 4 ਘੰਟੇ ਤੋਂ ਵੀ ਘੱਟ ਸਮੇਂ ਦੇ ਵਿਚ ਪੂਰਾ ਹੋ ਜਾਵੇਗਾ। ਉੱਤਰੀ ਰੇਲਵੇ ਦੇ ਸੀਨੀਅਰ ਡਿਵੀਜ਼ਨਲ ਇੰਜੀਨੀਅਰ ਨੇ ਇਸ ਸਬੰਧੀ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਪਹਿਲੇ ਪੜ੍ਹਾਅ ਦੇ ਤਹਿਤ ਸਾਹਨੇਵਾਲ ਤੋਂ ਲੈ ਕੇ ਲੁਧਿਆਣਾ ਤੱਕ ਦੀ ਟਰੈਕ ਨੂੰ ਅਪਗ੍ਰੇਡ ਕਰ ਲਿਆ ਗਿਆ ਹੈ ਅਤੇ ਫਗਵਾੜਾ ਲਗਭਗ ਕੰਮ ਮੁਕੰਮਲ ਹੋ ਗਿਆ। ਹੁਣ ਲਾਡੋਵਾਲ ਸਟੇਸ਼ਨ ਤੇ ਵੀ ਅਪਗ੍ਰੇਡੇਸ਼ਨ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਟਰੇਨਾਂ ਦੀ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਦੇ ਟਰਾਇਲ ਵੀ ਲਗਭਗ ਮੁਕੰਮਲ ਹੋ ਚੁੱਕੇ ਹਨ।
ਲਾਡੋਵਾਲ ਰੇਲਵੇ ਸਟੇਸ਼ਨ ਤੇ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਮੌਕੇ 'ਤੇ ਪਹੁੰਚੇ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਡਿਵੀਜ਼ਨਲ ਇੰਜਨੀਅਰ ਨੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਸਾਰਾ ਕੰਮ ਕੋਰੋਨਾ ਮਹਾਂਮਾਰੀ ਦੇ ਦੌਰਾਨ ਮੁਕੰਮਲ ਹੋ ਸੱਕਿਆ ਹੈ ਕਿਉਂਕਿ ਇਸ ਦੌਰਾਨ ਟ੍ਰੇਨਾਂ ਕਾਫ਼ੀ ਘੱਟ ਚੱਲ ਰਹੀਆਂ ਸਨ ਇਸ ਕਰਕੇ ਰੇਲਵੇ ਵਿਭਾਗ ਨੂੰ ਕਾਫੀ ਸਮਾਂ ਮਿਲਿਆ ਕਿ ਉਹ ਆਪਣੇ ਟਰੈਕ ਨੂੰ ਅਪਗ੍ਰੇਡ ਕਰ ਸਕੇ।
ਜਿਸ ਦਾ ਵਿਭਾਗ ਨੇ ਭਰਪੂਰ ਫ਼ਾਇਦਾ ਚੁੱਕਦਿਆਂ ਟਰੈਕ ਨੂੰ ਅਪਗਰੇਡ ਕਰਨ ਦਾ ਕੰਮ ਲਗਪਗ ਮੁਕੰਮਲ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਦੇ ਟਰੈਕ ਨੂੰ ਪੂਰਾ ਅਪਗ੍ਰੇਡ ਕਰ ਲਿਆ ਜਾਵੇਗਾ, ਜਿਸ ਨਾਲ ਟ੍ਰੇਨ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਸਮਾਂ ਕਾਫ਼ੀ ਬਚੇਗਾ। ਉਨ੍ਹਾਂ ਨੇ ਕਿਹਾ ਕਿ ਇਸ ਰਫ਼ਤਾਰ ਨਾਲ ਟ੍ਰੇਨ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਕਈ ਸਫਲ ਟ੍ਰਾਇਲ ਵੀ ਉਹ ਕਰ ਚੁੱਕੇ ਹਨ। ਸੀਨੀਅਰ ਇੰਜੀਨੀਅਰ ਨੇ ਦੱਸਿਆ ਕਿ ਇਹ ਕੰਮ ਕਾਫੀ ਪੇਚੀਦਾ ਹੁੰਦਾ ਹੈ ਕਿਉਂਕਿ ਬਿਜਲੀ ਦੀਆਂ ਤਾਰਾਂ ਸਣੇ ਟ੍ਰੈਕ ਅਪਗਰੇਡ ਕਰਨਾ ਵੱਡੀਆਂ ਵੱਡੀਆਂ ਮਸ਼ੀਨਾਂ ਲਾ ਕੇ ਇਹ ਕੰਮ ਸਿਰੇ ਚੜ੍ਹਦਾ ਹੈ।