ਲੁਧਿਆਣਾ: ਪਿੰਡ ਦੇ ਰਹਿਣ ਵਾਲੇ ਇਹ ਬਜ਼ੁਰਗ ਮਾਪੇ ਆਪਣੀ ਅਰਦਾਸਾਂ ਤੇ ਹੀ ਪਛਤਾਉਣ ਲਈ ਅੱਜ ਮਜਬੂਰ ਹੋ ਗਏ ਹਨ। 5 ਕੁੜੀਆਂ ਹੋਣ ਤੋਂ ਬਾਅਦ ਮਾਪਿਆਂ ਨੇ ਅਰਦਾਸਾਂ ਕਰਕੇ ਪੁੱਤ ਮੰਗਿਆ ਅਤੇ ਜਦੋਂ ਪੁੱਤ ਵੱਡਾ ਹੋਇਆ ਤਾਂ ਮਾਪਿਆਂ ਦਾ ਸਹਾਰਾ ਬਣਨ ਦੀ ਥਾਂ ਉਨ੍ਹਾਂ ਨੂੰ ਹੀ ਘਰੋਂ ਬਾਹਰ ਕੱਢਣ ਦਾ ਮਨ ਬਣਾ ਲਿਆ ਹੈ।
ਇਹ ਵੀ ਪੜੋ: ਪੰਜ ਸਾਲਾ ਅਰਿੰਦਮ ਨੇ ਬਾਕਸਿੰਗ ਪੰਚ ਮਾਰ ਕੇ ਬਣਾਇਆ ਵਿਸ਼ਵ ਰਿਕਾਰਡ
ਬਜ਼ੁਰਗ ਮਾਪੇ ਇਸ ਉਮਰ ਵਿੱਚ ਆ ਕੇ ਹੁਣ ਆਪਣੇ ਸਿਰ ਲਈ ਛੱਤ ਲੱਭ ਰਹੇ ਹਨ, ਕਿਉਂਕਿ ਮਿਹਨਤ ਨਾਲ ਬਣਾਇਆ ਹੋਇਆ ਘਰ ਪੁੱਤ ਨੇ ਆਪਣੇ ਨਾਂ ਕਰਵਾ ਲਿਆ ਹੈ ਅਤੇ ਹੁਣ ਮਾਪਿਆਂ ਨੂੰ ਹੀ ਘਰੋਂ ਕੱਢਣਾ ਚਾਹੁੰਦਾ ਹੈ। ਬਜ਼ੁਰਗ ਮਾਪੇ ਚੱਲ ਫਿਰ ਨਹੀਂ ਸਕਦੇ ਉਮਰ ਵੱਧ ਹੈ ਅਤੇ ਪਿਤਾ ਗੁਗੇ ਨੇ ਅਤੇ ਮਾਂ ਹੁਣ ਰੋ-ਰੋ ਕੇ ਆਪਣੀ ਧੀਆਂ ਦਾ ਹੀ ਸਹਾਰਾ ਲੈ ਰਹੀ ਹੈ।
ਪੀੜਤ ਬਜ਼ੁਰਗ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਉਨ੍ਹਾਂ ਨੂੰ ਖਾਣ ਲਈ ਰਾਸ਼ਨ ਤੱਕ ਨਹੀਂ ਦਿੰਦਾ ਉਹ ਵੀ ਲੁਕੋ ਲਿਆ ਜਾਂਦਾ ਹੈ। ਉਹ ਆਪਣੇ ਸਹੁਰੇ ਦੀ ਗੱਲਾਂ ਵਿੱਚ ਆ ਕੇ ਇਹ ਸਭ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜ਼ਮੀਨ ਆਪਣੇ ਨਾਂ ਲਵਾ ਕੇ ਉਨ੍ਹਾਂ ਨੂੰ ਘਰ ਤੋਂ ਕੱਢਣਾ ਚਾਹੁੰਦਾ ਹੈ, ਇੱਥੋਂ ਤੱਕ ਕਿ ਉਨ੍ਹਾਂ ਨਾਲ ਕੱਲ੍ਹ ਵੀ ਸਹੀ ਤਰ੍ਹਾਂ ਨਹੀਂ ਕਰਦਾ ਮੰਦੇ ਬੋਲ ਬੋਲਦਾ ਹੈ ਅਤੇ ਕੁੱਟਮਾਰ ਵੀ ਕਰਦਾ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਸੀ, ਪਰ ਉਦੋਂ ਉਨ੍ਹਾਂ ਦਾ ਸਮਝੌਤਾ ਹੋ ਗਿਆ ਕਿਉਂ ਕਿ ਬੇਟੇ ਦੇ ਸਹੁਰੇ ਨੇ ਇਹ ਧਮਕੀ ਦੇ ਦਿੱਤੀ ਕਿ ਦਾਜ ਦਾ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹ ਕਰਵਾ ਦੇਵੇਗਾ।
ਭਰਾ ਤੋਂ ਨਹੀਂ ਸੀ ਇਹ ਉਮੀਦ
ਉਧਰ ਬਜ਼ੁਰਗ ਦੀ ਬੇਟੀ ਨੇ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਨੇ ਉਹ ਉਨ੍ਹਾਂ ਨੂੰ ਵੀ ਧਮਕੀਆਂ ਦਿੰਦਾ ਹੈ ਕਿ ਉਹ ਮਾਤਾ ਪਿਤਾ ਦੀ ਸਾਰ ਨਾ ਲੈਣ ਅਤੇ ਇਸ ਘਰ ਵਿੱਚ ਪੈਰ ਨਾ ਪਾਉਣ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਭਰਾ ਤੋਂ ਅਜਿਹੀ ਉਮੀਦ ਨਹੀਂ ਸੀ।
ਪੁਲਿਸ ਨੇ ਦਿੱਤਾ ਜਵਾਬ
ਉਥੇ ਹੀ ਜਦੋਂ ਪੁਲਿਸ ਨਾਲ ਇਸ ਸਬੰਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੈਮਰੇ ਅੱਗੇ ਬੋਲਣ ਤੋਂ ਕੁਝ ਵੀ ਇਨਕਾਰ ਕਰ ਦਿੱਤਾ, ਪਰ ਕਿਹਾ ਕਿ ਇਹ ਘਰੇਲੂ ਮਸਲਾ ਹੈ ਅਤੇ ਦੋ ਮਹੀਨੇ ਪਹਿਲਾਂ ਵੀ ਉਨ੍ਹਾਂ ਦਾ ਸਮਝੌਤਾ ਕਰਵਾਇਆ ਗਿਆ ਸੀ ਪਰ ਜਿਸ ਮਕਾਨ ’ਚ ਬਜ਼ੁਰਗ ਰਹਿੰਦੇ ਹਨ ਉਹ ਉਨ੍ਹਾਂ ਦੀ ਨੂੰਹ ਦੇ ਨਾਂ ਤੇ ਹੈ ਇਸ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਜਾ ਕੇ ਹੀ ਇਨਸਾਫ਼ ਲੈਣਾ ਹੋਵੇਗਾ।