ਲੁਧਿਆਣਾ: ਸੂਬੇ ਅੰਦਰੋਂ ਲਗਾਤਾਰ ਪ੍ਰਵਾਸੀ ਮਜ਼ਦੂਰ ਆਪੋਂ ਆਪਣੇ ਘਰਾਂ ਵੱਲ ਨੂੰ ਪਰਤ ਰਹੇ ਹਨ। ਸਨਅਤਕਾਰਾਂ ਨੂੰ ਉਨ੍ਹਾਂ ਦੇ ਜਾਣ 'ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਕੋਰੋਨਾ ਵਾਇਰਸ ਦੇ ਚਲਦੇ ਜਾਰੀ ਕੀਤੀ ਗਈ ਸਰਕਾਰੀ ਹਿਦਾਇਤਾਂ ਮੁਤਾਬਕ ਫੈਕਟਰੀਆਂ 'ਚ ਅੱਧਾ ਸਟਾਫ ਹੀ ਕੰਮ ਕਰੇਗਾ। ਅਜਿਹੇ 'ਚ ਜਿਥੇ ਫੈਕਟਰੀਆਂ 'ਚ 20 ਲੋਕ ਕੰਮ ਕਰਦੇ ਸਨ ਉਥੇ ਹੁਣ 10 ਹੀ ਕੰਮ ਕਰ ਰਹੇ ਹਨ।
ਫੈਕਟਰੀਆਂ 'ਚ ਸਟਾਫ ਦੀ ਅਜਿਹੀ ਕਟੌਤੀ ਨੇ ਬੇਰੁਜ਼ਗਾਰੀ ਨੂੰ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਫੈਕਟਰੀ ਦੇ ਵਿੱਚ ਮੈਨੂਫੈਕਚਰਿੰਗ ਵੀ ਲਗਾਤਾਰ ਘੱਟ ਰਹੀ ਹੈ। ਹਾਲਾਂਕਿ ਲੁਧਿਆਣਾ ਵਿੱਚ ਵੱਡੀ ਸਾਈਕਲ ਇੰਡਸਟਰੀ ਹੈ ਅਤੇ ਲੌਕਡਾਊਨ ਦੌਰਾਨ ਸਾਈਕਲਾਂ ਦੀ ਡਿਮਾਂਡ ਵਧੀ ਹੈ। ਪਰ ਲੇਬਰ ਦੀ ਕਮੀ ਕਾਰਨ ਉਸ ਡਿਮਾਂਡ ਨੂੰ ਵੀ ਪੂਰਾ ਨਹੀਂ ਕੀਤਾ ਜਾ ਰਿਹਾ।
ਲੁਧਿਆਣਾ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੀ ਲੇਬਰ ਨੇ ਦੱਸਿਆ ਕਿ ਵੱਡੀ ਤਦਾਦ 'ਚ ਪ੍ਰਵਾਸੀ ਮਜ਼ਦੂਰ ਇੱਥੋਂ ਪਲਾਇਨ ਕਰ ਰਹੇ ਹਨ। ਇਸ ਕਰਕੇ ਜਿੱਥੇ ਕਿਸੇ ਵੇਲੇ ਵੱਡੀ ਤਦਾਦ 'ਚ ਲੇਬਰ ਫੈਕਟਰੀਆਂ 'ਚ ਕੰਮ ਕਰ ਰਹੀ ਸੀ ਉੱਥੇ ਹੀ ਹੁਣ ਅੱਧੀ ਤੋਂ ਵੀ ਘੱਟ ਲੇਬਰ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕ ਨੇ ਕਿਸੇ ਨੂੰ ਕੀ ਕੱਢਣਾ ਹੈ ਲੇਬਰ ਆਪਣੇ ਆਪ ਹੀ ਛੱਡ ਕੇ ਜਾ ਰਹੀ ਹੈ।