ਲੁਧਿਆਣਾ: ਲੁਧਿਆਣਾ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਦੋਵੇਂ ਗਾਇਕਾਂ 'ਤੇ ਬਿੱਟੂ ਨੇ ਖ਼ਾਲਿਸਤਾਨ ਬਾਰੇ ਨੌਜਵਾਨਾਂ ਨੂੰ ਭੜਕਾਉਣ ਦੇ ਇਲਜ਼ਾਮ ਲਗਾਏ ਹਨ। ਬਿੱਟੂ ਨੇ ਕਾਂਗਰਸੀ ਵਰਕਰਾਂ ਨੂੰ ਦਿਲਜੀਤ ਤੇ ਜੈਜ਼ੀ ਬੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤਾਂ ਕਰਵਾਉਣ ਦੀ ਅਪੀਲ ਕੀਤੀ ਹੈ।
ਬਿੱਟੂ ਨੇ ਕਿਹਾ ਕਿ ਇਨ੍ਹਾਂ ਦੋਵੇਂ ਗਾਇਕਾਂ ਨੇ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਪੰਜਾਬੀਆਂ ਨੇ ਇਨ੍ਹਾਂ ਦੋਵਾਂ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ ਪਰ ਇਹ ਦੋਵੇਂ ਗਾਇਕ ਪੰਜਾਬ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਬਿੱਟੂ ਨੇ ਦਿਲਜੀਤ ਤੇ ਜੈਜ਼ੀ ਬੀ 'ਤੇ ਇਲਜ਼ਾਮ ਲਗਾਇਆ ਕਿ ਇਨ੍ਹਾਂ ਦੋਵੇਂ ਨੇ ਆਪਣੇ ਗਾਣਿਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਖ਼ਾਲਿਸਤਾਨ ਬਾਰੇ ਭੜਕਾਇਆ ਹੈ। ਬਿੱਟੂ ਨੇ ਇਨ੍ਹਾਂ ਗਾਇਕਾਂ ਨੂੰ ਅਪੀਲ ਕੀਤੀ ਕਿ ਇਹ ਗਾਇਕ ਪੰਜਾਬ ਦੇ ਮਹੌਲ ਨੂੰ ਨਾ ਵਿਗਾੜਣ।
ਤੁਹਾਨੂੰ ਦੱਸ ਦਈਏ ਕਿ ਜੈਜ਼ੀ ਬੀ ਨੇ "ਪੁੱਤ ਸਰਦਾਰਾਂ ਦੇ" ਗੀਤ ਗਾਇਆ ਸੀ ਅਤੇ ਦਿਲਜੀਤ ਨੇ ਆਪਣੀ ਫਿਲਮ "ਪੰਜਾਬ 1984" ਦੇ ਗੀਤ "ਰੰਗਰੂਟ" ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਸੋਸ਼ਲ ਮੀਡੀਆ 'ਤੇ ਮੁੜ ਗਾਇਆ ਸੀ। ਇਨ੍ਹਾਂ ਕਾਰਵਾਈਆਂ ਨੂੰ ਹੀ ਅਧਾਰ ਬਣ ਕੇ ਬਿੱਟੂ ਨੇ ਦਿਲਜੀਤ ਤੇ ਜੈਜ਼ੀ ਬੀ ਵਿਰੁੱਧ ਮਾਮਲਾ ਦਰਜ ਕਰਵਾਉਣ ਦੀ ਅਪੀਲ ਕਾਂਗਰਸੀ ਵਰਕਰਾਂ ਨੂੰ ਕੀਤੀ ਹੈ।
ਇਹ ਵੀ ਪੜ੍ਹੋ: 'ਆਪ' ਨੇ ਮਨਪ੍ਰੀਤ ਬਾਦਲ ਦੀ ਕੋਠੀ ਘੇਰਣ ਦੀ ਕੀਤੀ ਕੋਸ਼ਿਸ਼, ਚੀਮਾ ਸਮੇਤ ਚਾਰ ਵਿਧਾਇਕ ਗ੍ਰਿਫ਼ਤਾਰ