ਲੁਧਿਆਣਾ : ਸ਼ਹਿਰ 'ਚ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਕੇਕ ਕੱਟ ਕੇ ਬੁੱਢੇ ਨਾਲੇ ਦਾ ਜਨਮ ਦਿਨ ਮਨਾਇਆ। ਇਸ ਦੌਰਾਨ ਉਨ੍ਹਾਂ ਨਾਲ ਹਾਸ ਕਲਾਕਾਰ ਤੇ ਸਮਾਜ ਸੇਵੀ ਟੀਟੂ ਬਾਣੀਆਂ ਵੀ ਮੌਜੂਦ ਰਹੇ। ਬੱਚਿਆਂ ਨੇ ਸਰਕਾਰ ਕੋਲੋਂ ਬੁੱਢੇ ਨਾਲੇ ਨੂੰ ਸਾਫ਼ ਕਰਾਉਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਕਲਾਕਾਰ ਟੀਟੂ ਬਾਣੀਆਂ ਪੰਜਾਬ ਸਰਕਾਰ ਵੱਲੋਂ ਲਾਏ ਗਏ 650 ਕਰੋੜ ਰੁਪਏ ਦੇ ਪ੍ਰੋਜੈਕਟ ਬਾਰੇ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ ਚਾਰ ਸਾਲਾਂ 'ਚ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਸਿਆਸੀ ਆਗੂ ਤੇ ਸਰਕਾਰਾਂ ਕਾਲੇ ਪੱਥਰ ਲਾ ਕੇ ਬੁੱਢੇ ਨਾਲੇ ਦੀ ਸਫਾਈ ਦਾ ਐਲਾਨ ਕਰ ਚੁੱਕਿਆਂ ਹਨ, ਪਰ ਇਥੇ ਅਜੇ ਤੱਕ ਜਿਓਂ ਦੀ ਤਿਉਂ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਉਨ੍ਹਾਂ ਕੈਪਟਨ ਸਰਕਾਰ 'ਤੇ ਦੋ ਸਾਲ ਵਿੱਚ ਬੁੱਢੇ ਨਾਲੇ ਦੇ ਪ੍ਰੋਜੈਕਟ ਪੂਰਾ ਕਰਨ ਤੇ ਸਾਂਸਦ ਰਵਨੀਤ ਬਿੱਟੂ 'ਤੇ ਕਈ ਸਵਾਲ ਚੁੱਕੇ।
ਇਸ ਮੌਕੇ ਸਰਕਾਰੀ ਸਕੂਲ ਦੇ ਛੋਟੇ-ਛੋਟੇ ਬੱਚਿਆਂ ਪੰਜਾਬ ਸਰਕਾਰ ਕੋਲੋਂ ਬੁੱਢੇ ਨਾਲੇ ਦੀ ਸਫਾਈ ਕਰਵਾਏ ਜਾਣ ਦੀ ਅਪੀਲ ਕੀਤੀ ਤਾਂ ਜੋ ਲੋਕ ਗੰਭੀਰ ਬਿਮਾਰੀਆਂ ਤੋਂ ਬੱਚ ਸਕਣ। ਉਨ੍ਹਾਂ ਕਿਹਾ ਕਿ ਹਰ ਸਾਲ ਗੰਦੇ ਪਾਣੀ ਕਾਰਨ ਇਥੇ ਕਈ ਲੋਕ ਬਿਮਾਰ ਪੈਂਦੇ ਹਨ। ਇਸ ਲਈ ਜਲਦ ਤੋਂ ਜਲਦ ਬੁੱਢੇ ਨਾਲੇ ਦੀ ਸਫਾਈ ਹੋਣੀ ਜ਼ਰੂਰੀ ਹੈ।