ਲੁਧਿਆਣਾ: ਮੇਡ ਕਲੋਨੀ ਦੇ ਵਿੱਚ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਗਲੀ ਦੇ ਵਿੱਚ ਗੁਟਕਾ ਸਾਹਿਬ ਦੇ ਕੁੱਝ ਅੰਗ ਮਿਲੇ ਜਿਸ ਤੋਂ ਬਾਅਦ ਤੁਰੰਤ ਮੌਕੇ ਤੇ ਸਿੱਖ ਜਥੇਬੰਦੀਆਂ ਨੇ ਪਹੁੰਚ ਕੇ ਇਸ ਦਾ ਵਿਰੋਧ ਜਤਾਇਆ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਦੀ ਸ਼ਨਾਖਤ ਪਲਵਿੰਦਰ ਸਿੰਘ ਵਜੋਂ ਹੋਈ ਹੈ।
ਨਸ਼ੇ ਦਾ ਆਦੀ ਹੈ ਮੁਲਜ਼ਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਹੀ ਜਾਣਕਾਰੀ ਮਿਲੀ ਸੀ ਕਿ ਗੁਟਕਾ ਸਾਹਿਬ ਦੇ ਕੁਝ ਅੰਗ ਇੱਕ ਕਲੋਨੀ ਦੀ ਗਲੀ ਵਿੱਚ ਪਏ ਮਿਲੇ ਨੇ ਜਿਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਤਫਤੀਸ਼ ਕੀਤੀ ਅਤੇ ਪਤਾ ਲੱਗਾ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਬਲਵਿੰਦਰ ਸਿੰਘ ਨਾਂਅ ਦੇ ਮੁਲਜ਼ਮ ਨੇ ਦਿੱਤਾ ਹੈ ਜੋ ਕਿ ਨਸ਼ੇ ਦਾ ਆਦੀ ਹੈ ਅਤੇ ਆਪਣੇ ਘਰ ਦੇ ਵਿਚ ਅਕਸਰ ਨਸ਼ੇ ਦੇ ਵਿੱਚ ਕਲੇਸ਼ ਕਰਦਾ ਰਹਿੰਦਾ ਹੈ ਜਿਸ ਕਰਕੇ ਪੁਲਿਸ ਨੇ ਮੁਲਜ਼ਮ 'ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।