ਲੁਧਿਆਣਾ: ਲਗਾਤਾਰ ਜਿਥੇ ਪੰਜਾਬ ਭਰ 'ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਜਨਤਕ ਥਾਵਾਂ 'ਤੇ ਇਕੱਠ 'ਚ ਵੱਡੀ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਨਵੀਆਂ ਹਦਾਇਤਾਂ 'ਚ ਐਤਵਾਰ ਵਾਲੇ ਦਿਨ ਹੋਟਲ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਤੋਂ ਬਾਅਦ ਹੋਟਲ ਐਸੋਸੀਏਸ਼ਨ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਤ 9 ਵਜੇ ਤੋਂ ਬਾਅਦ ਪ੍ਰਸ਼ਾਸਨ ਉਨ੍ਹਾਂ ਨੂੰ ਹੋਟਲ, ਰੈਸਟੋਰੈਂਟ ਬੰਦ ਕਰਨ ਲਈ ਕਹਿ ਦਿੰਦਾ ਹੈ ਤੇ ਹੁਣ ਐਤਵਾਰ ਵਾਲੇ ਦਿਨ ਹੋਟਲ ਸਾਰਾ ਦਿਨ ਬੰਦ ਰੱਖਣ ਦੇ ਫ਼ੁਰਮਾਨ ਨਾਲ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਵੇਗਾ।
ਇਸ ਸਬੰਧੀ ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਕਿਹਾ ਕਿ ਹੋਟਲ ਐਸੋਸੀਏਸ਼ਨ ਪਹਿਲਾਂ ਹੀ ਘਾਟੇ ਵੱਲ ਜਾ ਰਹੀ ਹੈ ਤੇ ਹੁਣ ਪ੍ਰਸ਼ਾਸਨ ਨੇ ਹੋਰ ਵੀ ਸਖ਼ਤੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਤ ਨੌਂ ਵਜੇ ਤੋਂ ਬਾਅਦ ਕਰਫਿਊ ਲੱਗ ਜਾਂਦਾ ਹੈ ਅਤੇ ਐਤਵਾਰ ਨੂੰ ਵੀ ਉਨ੍ਹਾਂ ਦੇ ਹੋਟਲ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ।
ਉਨ੍ਹਾਂ ਕਿਹਾ ਕਿ ਸਾਡੀ ਹੋਟਲ ਇੰਡਸਟਰੀ ਨਾਲ ਹੀ ਲਗਭਗ ਬਾਰਾਂ ਤੋਂ ਤੇਰਾਂ ਹਜ਼ਾਰ ਇੰਡਸਟਰੀ ਹੋਰ ਵੀ ਜੁੜੀ ਹੋਈ ਹੈ, ਜਿਸ ਕਾਰਨ ਸਿਰਫ਼ ਸਾਡਾ ਹੀ ਨਹੀਂ ਸਗੋਂ ਉਨ੍ਹਾਂ ਦਾ ਵੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਰੋਨਾ 'ਤੇ ਠੱਲ੍ਹ ਪਾਉਣਾ ਚਾਹੁੰਦੀ ਹੈ ਤਾਂ ਹੋਰ ਬਹੁਤ ਰਸਤੇ ਹਨ, ਸਰਕਾਰ ਨੂੰ ਚਾਹੀਦਾ ਹੈ ਕਿ ਕੋਰੋਨਾ ਵੈਕਸੀਨ ਪੂਰੇ ਭਾਰਤ ਦੇ ਲੋਕਾਂ ਨੂੰ ਲਗਾ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਵਿਦੇਸ਼ਾਂ 'ਚ ਵੈਕਸੀਨ ਭੇਜੀ ਜਾ ਸਕਦੀ ਹੈ ਤਾਂ ਆਪਣੇ ਭਾਰਤ 'ਚ ਕਿਉਂ ਨਹੀਂ ਲਗਾਈ ਜਾ ਸਕਦੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲਗਾਤਾਰ ਹੋਟਲ ਇੰਡਸਟਰੀ ਘਾਟੇ ਵੱਲ ਜਾ ਰਹੀ ਹੈ, ਅਜਿਹੇ 'ਚ ਉਨ੍ਹਾਂ 'ਤੇ ਇਸ ਤਰ੍ਹਾਂ ਕਰਨਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਕਾਰਨ ਉਹ ਪਹਿਲਾਂ ਹੀ ਆਰਥਿਕ ਤੰਗੀ ਝੱਲ ਰਹੇ ਹਨ ਤੇ ਹੁਣ ਇਹ ਫੈਸਲਾ ਸਾਡੇ ਵਪਾਰ ਨੂੰ ਹੋਰ ਸੱਟ ਲਾਵੇਗਾ।
ਇਹ ਵੀ ਪੜ੍ਹੋ:ਸੀ-ਵੋਟਰ ਸਰਵੇ ਵਾਲੀ ਕੰਪਨੀ ਖਿਲਾਫ਼ ਕ੍ਰਿਮੀਨਲ ਕੇਸ ਕਰੇਗੀ ਅਕਾਲੀ ਦਲ: ਚੀਮਾ