ਲੁਧਿਆਣਾ: ਭਾਵੇਂ ਅਜੋਕੇ ਯੁੱਗ ਵਿੱਚ ਸਾਡੀ ਸਾਇੰਸ ਪੁਰਾਣੇ ਵਹਿਮਾਂ-ਭਰਮਾਂ ਅਤੇ ਇਲਾਜਾਂ ਨੂੰ ਨਹੀਂ ਮੰਨਦੀ। ਦੰਦਾਂ 'ਚ ਕੀੜਾ ਲੱਗਣ ਜਾਂ ਅਜੋਕੀ ਸਾਇੰਸ ਦੀ ਭਾਸ਼ਾ ਵਿੱਚ ਦੰਦਾਂ ਨੂੰ ਕੈਵਿਟੀ ਹੋਣ ਦੀ ਸੂਰਤ ਵਿੱਚ ਪਹਿਲਾਂ ਲੋਕ ਮੰਤਰ ਪੜ੍ਹਵਾ ਕੇ ਅਤੇ ਜਿਸ ਦਾੜ੍ਹ ਜਾਂ ਦੰਦ 'ਚ ਕੀੜਾ ਲੱਗਾ ਹੋਵੇ, ਉਸ ਤੇ ਉਂਗਲ ਲਾ ਕੇ ਅੰਬ ਦੇ ਦਰੱਖਤ ਦੀ ਲੱਕੜ ਚੁੱਕ ਕਿੱਲ ਠੁਕਵਾ ਕੇ ਉਸ ਦਾ ਇਲਾਜ ਕਰ ਲਿਆ ਕਰਦੇ ਸਨ। ਹਾਲਾਂਕਿ ਇਹ ਇਲਾਜ ਹੁਣ ਵੀ ਕਈ ਥਾਂਵਾਂ 'ਤੇ ਕੀਤਾ ਜਾਂਦਾ ਹੈ, ਪਰ ਸਾਇੰਸ ਇਸ ਨੂੰ ਇਲਾਜ ਨਹੀਂ ਸਗੋਂ ਵਹਿਮ ਭਰਮ ਮੰਨਦੀ ਹੈ। ਲੁਧਿਆਣਾ ਦੇ ਸਦੀਆਂ ਪੁਰਾਣੇ ਠਾਕੁਰ ਦੁਆਰਾ ਮੰਦਿਰ 'ਚ ਮਹੰਤ ਗੌਰਵ ਦਾਸ ਦਾ ਦਾਅਵਾ ਹੈ ਕਿ ਇਹ ਇਲਾਜ ਅੱਜ ਵੀ ਕਾਰਗਰ ਹੈ ਅਤੇ ਇਹ ਇਲਾਜ ਉਨ੍ਹਾਂ ਨੇ ਆਪਣੇ ਪੁਰਖਿਆਂ ਤੋਂ ਸਿੱਖਿਆ ਹੈ ਅਤੇ ਇਸ ਨਾਲ ਕਈ ਲੋਕਾਂ ਨੂੰ ਠੀਕ ਕਰ ਚੁੱਕੇ ਹਨ।
ਇਸ ਸਬੰਧੀ ਮਹੰਤ ਗੌਰਵ ਦਾਸ ਦਾ ਕਹਿਣਾ ਕਿ ਉਨ੍ਹਾਂ ਦੀ ਗਿਆਰਾਂ ਪੀੜ੍ਹੀਆਂ ਇਹ ਕੰਮ ਕਰ ਚੁੱਕੀਆਂ ਹਨ ਅਤੇ ਹੁਣ ਉਹ ਖੁਦ ਇਹ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਦੰਦਾਂ ਦਾ ਇਹ ਇਲਾਜ ਬਿਲਕੁਲ ਹੀ ਮੁਫ਼ਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਇਲਾਜ ਨਾਲ ਕਈ ਲੋਕ ਠੀਕ ਵੀ ਹੋ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਕਿ ਇਲਾਜ ਲਈ ਕਈ ਅਜਿਹੇ ਲੋਕ ਵੀ ਆਉਂਦੇ ਹਨ, ਜਿਨ੍ਹਾਂ ਨੂੰ ਡਾਕਟਰ ਸਲਾਹ ਦੇ ਦਿੰਦੇ ਹਨ ਕਿ ਕੀੜਾ ਲੱਗੀ ਦਾੜ੍ਹ ਨੂੰ ਕਢਵਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਕਾਗਜ 'ਤੇ ਲਿਖੇ ਮੰਤਰ ਨੂੰ ਕਿੱਲ ਦੀ ਮਦਦ ਨਾਲ ਅੰਬ ਦੀ ਲੱਕੜ 'ਤੇ ਗੱਢਿਆ ਜਾਂਦਾ ਹੈ। ਇਹ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਲੱਕੜ ਮੁੜ ਪਾਣੀ 'ਚ ਬਹਾ ਦਿੱਤੀ ਜਾਂਦੀ ਹੈ।
ਇਸ ਮੌਕੇ ਇਲਾਜ ਕਰਵਾਉਣ ਆਏ ਸ਼ਰਧਾਲੂ ਦਾ ਕਹਿਣਾ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਦੇਖੀ ਸੀ, ਜਿਸ ਤੋਂ ਬਾਅਦ ਉਹ ਇਲਾਜ ਲਈ ਆਇਆ ਹੈ। ਉਨ੍ਹਾਂ ਦਾ ਕਹਿਣਾ ਕਿ ਡਾਕਟਰਾਂ ਕੋਲ ਇਲਾਜ ਬਹੁਤ ਮਹਿੰਗਾ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇੱਥੇ ਉਨ੍ਹਾਂ ਨੂੰ ਦਰਦ ਤੋਂ ਛੁਟਕਾਰਾ ਜ਼ਰੂਰ ਮਿਲ ਜਾਵੇਗਾ।
ਇਹ ਵੀ ਪੜ੍ਹੋ:ACCIDENT: ਲਗ਼ਜ਼ਰੀ ਗੱਡੀਆਂ ਦੀ ਭੇਂਟ ਚੜ੍ਹਿਆ ਨੌਜਵਾਨ, ਮੌਕੇ 'ਤੇ ਹੋਈ ਮੌਤ