ਲੁਧਿਆਣਾ: ਸ਼ਹਿਰ ਦੇ ਜਵਾਹਰ ਨਗਰ ਕੈਂਪ ਇਲਾਕੇ 'ਚ ਦੇਰ ਰਾਤ ਦੋ ਧਿਰਾਂ ਵਿਚਾਲੇ ਕਿਸੇ ਆਪਸੀ ਗੱਲ ਨੂੰ ਲੈ ਕੇ ਝਗੜਾ ਹੋਣ ਦੀ ਖ਼ਬਰ ਹੈ। ਇਹ ਝਗੜਾ ਇਨ੍ਹਾਂ ਕੁ ਵੱਧ ਗਿਆ ਕਿ ਇੱਕ ਧਿਰ ਨੇ ਦੂਜੀ ਧਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ 'ਚ ਕਾਰਵਾਈ ਕਰਨ ਆਏ ਇੱਕ ਪੁਲਿਸ ਮੁਲਾਜ਼ਮ ਸਣੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।
ਇਸ ਬਾਰੇ ਪੀੜਤ ਪਰਿਵਾਰ ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਲਾਕੇ 'ਚ ਦੇਰ ਰਾਤ ਦੋ ਧਿਰਾਂ 'ਚ ਝਗੜਾ ਹੋ ਗਿਆ ਸੀ। ਪੀੜਤ ਨੇ ਦੱਸਿਆ ਕਿ ਗੁਆਂਢੀ ਮੁੱਹਲੇ ਦੇ ਕੁੱਝ ਨੌਜਵਾਨ ਉਸ ਦੇ ਭਤੀਜੇ ਦਾ ਪਿੱਛਾ ਕਰਨ ਲੱਗੇ। ਜਦ ਪੀੜਤ ਪਰਿਵਾਰ ਨੇ ਉਕਤ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਉਨ੍ਹਾਂ ਪੁਲਿਸ ਕੋਲ ਸੁਣਵਾਈ ਨਾ ਹੋਣ ਦੇ ਦੋਸ਼ ਲਾਏ।
ਦੂਜੇ ਪਾਸੇ ਪ੍ਰਤੱਖਦਰਸ਼ੀ ਲੋਕਾਂ ਨੇ ਦੱਸਿਆ ਕਿ ਇਸ ਘਟਨਾਂ ਦੀ ਸੂਚਨਾ ਮਿਲਣ ਮਗਰੋਂ ਕੁੱਝ ਪੁਲਿਸ ਮੁਲਾਜ਼ਮ ਮੌਕੇ 'ਤੇ ਕਾਰਵਾਈ ਕਰਨ ਪੁੱਜੇ। ਇਸ ਦੌਰਾਨ ਮੁਲਜ਼ਮਾਂ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਸੱਟਾਂ ਮਾਰੀਆਂ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਅਜਿਹੀ ਅਪਰਾਧਕ ਘਟਨਾਵਾਂ 'ਤੇ ਰੋਕ ਲਗਾਏ ਜਾਣ ਦੀ ਮੰਗ ਕੀਤੀ ਹੈ।
ਜਾਂਚ ਲਈ ਮੌਕੇ 'ਤੇ ਪਹੁੰਚੇ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਦੋ ਧਿਰਾਂ ਵਿੱਚ ਕਿਸੇ ਪੁਰਾਣੀ ਰੰਜਿਸ਼ ਦੇ ਚਲਦੇ ਲੜਾਈ ਹੋਈ ਹੈ। ਇਸ ਸਬੰਧੀ ਜਾਂਚ ਕਰਨ ਪਹੁੰਚੀ ਪੁਲਿਸ ਟੀਮ 'ਤੇ ਵੀ ਹਮਲਾ ਹੋਇਆ ਹੈ। ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਦੋਵੇਂ ਧਿਰਾਂ ਵੱਲੋਂ ਇੱਕ-ਦੂਜੇ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।