ਲੁਧਿਆਣਾ: ਪੰਜਾਬ ਵਿੱਚ ਨਵੀਂ ਸਰਕਾਰ ਨਵੀਂਆਂ ਉਮੰਗਾਂ ਨਾਲ ਮੈਦਾਨ ਵਿੱਚ ਉਤਰੀ ਅਤੇ ਆਉਂਦੇ ਹੀ ਮੁੱਖ ਮੰਤਰੀ ਮਾਨ ਨੇ ਕਈ ਤਰ੍ਹਾਂ ਦੇ ਐਲਾਨ ਵੀ ਕਰ ਦਿੱਤੇ ਹਨ, ਪਰ ਬੀਤੇ ਸਮੇਂ ਵਿੱਚ ਜੋ ਸ਼ਰ੍ਹੇਆਮ ਕਾਤਲਾਂ ਦੀ ਖੇਡ ਖੇਡੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਲੁਧਿਆਣਾ ਦੇ ਡਾਬਾ ਥਾਣਾ ਅਧੀਨ 2 ਧਿਰਾਂ ਦੇ ਵਿਚਕਾਰ ਆਪਸੀ ਰੰਜਿਸ਼ ਦੇ ਚਲਦਿਆਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਪੂਰੀ ਵਾਰਦਾਤ ਸਵਤੰਤਰ ਨਗਰ ਦੀ ਹੈ।
ਕਾਂਗਰਸੀ ਵਰਕਰ ਮੰਗਤ ਰਾਮ ਉਰਫ਼ ਮੰਗਾ ਜਿਸ ਦੀ ਉਮਰ 58 ਸਾਲ ਦੇ ਕਰੀਬ ਹੈ, ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਪੁਲਿਸ ਨੇ ਇਸ ਮਾਮਲੇ ਵਿਚ ਅਕਾਲੀ ਵਰਕਰ ਨੂੰ ਨਾਮਜ਼ਦ ਕਰਕੇ ਉਸ ਤੇ 302 ਦਾ ਪਰਚਾ ਦਰਜ ਕੀਤਾ ਹੈ। ਮ੍ਰਿਤਕ ਮੰਗਾ ਵਾਰਡ ਨੰਬਰ 12 ਦਾ ਕਾਂਗਰਸੀ ਪ੍ਰਧਾਨ ਦੱਸਿਆ ਜਾ ਰਿਹਾ ਹੈ ਅਤੇ ਆਪਸੀ ਰੰਜਿਸ਼ ਦੇ ਚੱਲਦਿਆਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਪੰਜਾਬ ਸਰਕਾਰ 'ਤੇ ਚੁੱਕਿਆ ਸਵਾਲ: ਮ੍ਰਿਤਕ ਦੇ ਪਰਿਵਾਰ ਦਾ ਹਾਲ ਜਾਨਣ ਲਈ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਸੰਜੇ ਤਲਵਾਰ ਵੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਖ਼ਤਮ ਹੋ ਚੁੱਕੀਆਂ ਹਨ ਅਤੇ ਨਤੀਜੇ ਆ ਚੁੱਕੇ ਹਨ ਪਰ ਇਸ ਦੇ ਬਾਵਜੂਦ ਅਜਿਹੀ ਸਿਆਸੀ ਰੰਜਿਸ਼ ਠੀਕ ਨਹੀਂ ਹੈ, ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਉਹ ਇਲਾਕੇ ਦੇ ਵਿਧਾਇਕ ਰਹੇ। ਉਨ੍ਹਾਂ ਨੇ ਅਜਿਹੀ ਸਿਆਸਤ ਨਹੀਂ ਹੋਣ ਦਿੱਤੀ। ਸੰਜੇ ਤਲਵਾੜ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉੱਧਰ ਦੂਜੇ ਪਾਸੇ ਮੌਕੇ 'ਤੇ ਮੌਜੂਦ ਐਸਐਚਓ ਨੇ ਕਿਹਾ ਕਿ ਮਾਮਲਾ ਆਪਸੀ ਰੰਜਿਸ਼ ਦਾ ਹੈ ਅਤੇ ਦੋ ਧਿਰਾਂ ਵਿੱਚ ਲੜਾਈ ਹੋਈ ਹੈ ਅਤੇ ਇਕ ਧਿਰ ਵੱਲੋਂ ਦੂਜੀ ਧਿਰ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰਾ ਮਾਮਲਾ ਮੰਦਿਰ ਦੀ ਪ੍ਰਧਾਨਗੀ ਨੂੰ ਲੈ ਕੇ ਹੋਇਆ ਹੈ, ਇਕ ਧਿਰ ਕਾਂਗਰਸ ਦੋ ਜਦੋਂ ਕਿ ਦੂਜੀ ਧਿਰ ਅਕਾਲੀ ਦਲ ਨਾਲ ਸਬੰਧਿਤ ਹੈ। ਪੁਲਿਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ, ਉਹ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਕਾਨੂੰਨ ਵਿਵਸਥਾ ਨੂੰ ਲੈ ਕੇ ਸਿੱਧੂ ਘੇਰੀ ਮਾਨ ਸਰਕਾਰ, ਕਿਹਾ- 20 ਦਿਨਾਂ ਵਿੱਚ ਹੋਏ 25 ਕਤਲ