ਲੁਧਿਆਣਾ : ਹਾਥਰਸ ਜਬਰ ਜਨਾਹ ਦੀ ਘਟਨਾ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ। ਰਾਏਕੋਟ ਵਿਖੇ ਸੀਟੂ ਵਰਕਰਾਂ ਨੇ ਇਸ ਘਟਨਾ ਦਾ ਵਿਰੋਧ ਕਰਦਿਆਂ ਰੋਸ ਮਾਰਚ ਕੱਢਿਆ।
ਸੀਟੂ ਵੱਲੋਂ ਇਹ ਰੋਸ ਮਾਰਚ ਹਾਥਰਸ ਜਬਰ ਜਨਾਹ ਮਾਮਲੇ ਦੀ ਪੀੜਤਾ ਨੂੰ ਇਨਸਾਫ ਦੀ ਮੰਗ ਕਰਦੇ ਹੋਏ ਕੱਢਿਆ ਗਿਆ। ਇਸ ਰੋਸ ਮਾਰਚ 'ਚ ਵੱਡੀ ਗਿਣਤੀ ਸੀਟੂ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਕਿਹਾ ਭਾਜਪਾ ਸਰਕਾਰ ਦੇ ਸੱਤਾ 'ਚ ਆਉਣ ਮਗਰੋਂ ਮਹਿਲਾਵਾਂ ਖਿਲਾਫ ਅਪਰਾਧਕ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਦੇਸ਼ 'ਚ ਲੋਕਤੰਤਰ ਖ਼ਤਮ ਹੁੰਦਾ ਜਾ ਰਿਹਾ ਹੈ। ਪੀਐਮ ਮੋਦੀ ਤੇ ਯੂਪੀ ਦੇ ਸੀਐਮ ਯੋਗੀ ਦੋਵੇਂ ਹੀ ਗੁੰਡਾ ਰਾਜ ਚਲਾ ਰਹੇ ਹਨ। ਉਨ੍ਹਾਂ ਆਖਿਆ ਕਿ ਦੋਵੇਂ ਨੇਤਾ ਉੱਤਰ ਪ੍ਰਦੇਸ਼ 'ਚ ਰਾਮ ਰਾਜ ਲਿਆਉਣ ਦੀਆਂ ਗੱਲਾਂ ਕਰਦੇ ਹਨ। ਅਸਲ ਸੱਚਾਈ ਇਹ ਹੈ ਕਿ ਮੌਜੂਦਾ ਸਮੇਂ 'ਚ ਯੂਪੀ ਦੇ ਨਾਲ-ਨਾਲ ਦੇਸ਼ ਭਰ ਅਜਿਹੀ ਕਈ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਸਰਕਾਰ ਤੇ ਪੁਲਿਸ ਪ੍ਰਸ਼ਾਸਨ ਅਜਿਹੇ ਮਾਮਲਿਆਂ ਨੂੰ ਜਨਤਾਂ ਤੋਂ ਲੁੱਕੋਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਯੋਗੀ ਸਰਕਾਰ ਆਪਣੇ ਮਨੂੰਵਾਦੀ ਏਜੰਡੇ ਤਹਿਤ ਦਲਿਤ ਤੇ ਔਰਤ ਵਿਰੋਧੀ ਹੋਣ ਕਰਕੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀ ਕਰ ਰਹੀ।
ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਜਬਰਨ ਤੇ ਉਸ ਦੇ ਮਾਪਿਆਂ ਦੀ ਗੈਰਮੌਜੂਦਗੀ 'ਚ ਸਸਕਾਰ ਕਰਨ ਨੂੰ ਗੈਰ ਕਾਨੂੰਨੀ ਕਾਰਵਾਈ ਦੱਸਿਆ। ਉਨ੍ਹਾਂ ਆਖਿਆ ਕਿ ਪੀੜਤਾ ਨੂੰ ਇਨਸਾਫ ਦਵਾਉਣ ਦੀ ਬਜਾਏ ਪੁਲਿਸ ਪੀੜਤ ਪਰਿਵਾਰ ਨੂੰ ਧਮਕਾ ਰਹੀ ਹੈ। ਉਨ੍ਹਾਂ ਪੀੜਤਾ ਲਈ ਇਨਸਾਫ ਦੀ ਅਪੀਲ ਕਰਦਿਆਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ।