ਲੁਧਿਆਣਾ: ਜ਼ਿਲ੍ਹੇ ਵਿੱਚ ਟਰਾਂਸਪੋਰਟ ਟੈਂਡਰ ਘੁਟਾਲੇ ’ਚ ਕਾਰਵਾਈ ਕਰਦੇ ਹੋਏ 3 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਦੀ ਟੀਮ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਜਦਕਿ ਦੋ ਮੁਲਜ਼ਮ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ 2 ਮੁਲਜ਼ਮਾਂ ਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਪੰਕਜ ਦਾ ਨਾਂ ਵੀ ਸ਼ਾਮਲ ਹੈ। ਫਿਲਹਾਲ ਲੁਧਿਆਣਾ ਵਿਜੀਲੈਂਸ ਦੋਵੇਂ ਦੋਸ਼ੀਆਂ ਨੂੰ ਕਾਬੂ ਕਰਨ ਦੇ ਕੰਮ ਕਰ ਰਹੀ ਹੈ। ਇਸ ਸਬੰਧੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੀ ਵਿਜੀਲੈਂਸ ਲੁਧਿਆਣਾ ਰੇਂਜ ਦੇ ਸੀਨੀਅਰ ਸੁਪਰਡੈਂਟ ਆਰ ਪੀ ਐਸ ਸੰਧੂ ਵੱਲੋਂ ਪੁਸ਼ਟੀ ਕੀਤੀ ਗਈ ਹੈ।
ਦਰਅਸਲ ਪੂਰਾ ਮਾਮਲਾ ਬੀਤੇ ਸਾਲ ਦੀ ਖਰੀਦ ਨੂੰ ਲੈ ਕੇ ਹੋਇਆ ਹੈ ਅਤੇ ਸ਼ਿਕਾਇਤਕਰਤਾ ਵੀ ਠੇਕੇਦਾਰ ਗੁਰਪ੍ਰੀਤ ਸਿੰਘ ਹੈ ਜਿਸ ਨੇ ਇਸ ਵਿਚ ਬਹੁ ਕਰੋੜੀ ਘੁਟਾਲੇ ਦਾ ਖ਼ਦਸ਼ਾ ਜਤਾਉਂਦਿਆ ਵਿਜੀਲੈਂਸ ਲੁਧਿਆਣਾ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਵਿਜੀਲੈਂਸ ਨੇ ਇਸ ਮਾਮਲੇ ਵਿਚ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਿਨ੍ਹਾਂ ਠੇਕੇਦਾਰਾਂ ਵਲੋਂ ਟੈਂਡਰ ਲਗਾਏ ਗਏ ਅਤੇ ਟੈਂਡਰ ਲਗਾਉਣ ਵੇਲੇ ਜਿਨ੍ਹਾਂ ਵਾਹਨਾਂ ਦੇ ਨੰਬਰ ਦਿੱਤੇ ਗਏ ਉਹ ਜ਼ਿਆਦਾਤਰ ਮੋਟਰਸਾਈਕਲ ਸਕੂਟਰਾਂ ਦੇ ਸਨ ਜਦਕਿ ਠੇਕੇਦਾਰਾਂ ਨੂੰ ਟੈਂਡਰ ਲਾਉਣ ਵੇਲੇ ਆਪਣੀ ਟਰਾਂਸਪੋਰਟ ਯਾਨੀ ਟਰੱਕਾਂ ਦੇ ਨੰਬਰ ਟੈਂਡਰ ਵਿਚ ਲਾਉਣੇ ਪੈਂਦੇ ਹਨ, ਪਰ ਉਨ੍ਹਾਂ ਨੂੰ ਨਿੱਜੀ ਤੌਰ ਤੇ ਫਾਇਦਾ ਪਹੁੰਚਾਉਣ ਲਈ ਠੇਕੇ ਵੰਡੇ ਗਏ ਅਤੇ ਇਸ ਪੂਰੇ ਘੁਟਾਲੇ ਦਾ ਖੁਲਾਸਾ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਰੇਂਜ ਵਿਜੀਲੈਂਸ ਦੇ ਸੀਨੀਅਰ ਸੁਪਰੀਟੈਂਡੈਂਟ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮਾਮਲੇ ਅੰਦਰ ਤੇਲੂ ਰਾਮ ਠੇਕੇਦਾਰ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਜਦਕਿ ਇਸ ਮਾਮਲੇ ਅੰਦਰ ਤੋਂ ਹੋਰ ਨਾਮਜ਼ਦ ਹਨ ਜਿਨ੍ਹਾਂ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਪੰਕਜ ਮਲਹੋਤਰਾ ਦਾ ਨਾਂ ਵੀ ਸ਼ਾਮਲ ਹੈ ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਪਰ ਉਹ ਫਰਾਰ ਦੱਸਿਆ ਜਾ ਰਿਹਾ ਹੈ।
ਹਾਲਾਂਕਿ ਐੱਸਐੱਸਪੀ ਨੇ ਇਸ ਮਾਮਲੇ ਵਿੱਚ ਫ਼ਿਲਹਾਲ ਕਿਸੇ ਰਾਜਨੀਤਿਕ ਲੀਡਰ ਦਾ ਹੱਥ ਹੋਣ ਸਬੰਧੀ ਕੁਝ ਖੁੱਲ੍ਹ ਕੇ ਨਹੀਂ ਬੋਲਿਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਖੁਰਾਕ ਸਪਲਾਈ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਤੇ ਦੋ ਹਜ਼ਾਰ ਕਰੋੜ ਟੈਂਡਰ ਘੁਟਾਲੇ ਦੇ ਇਲਜ਼ਾਮ ਲੱਗੇ ਸਨ ਅਤੇ ਵਿਜੀਲੈਂਸ ਵੱਲੋਂ ਕੀਤੀ ਜਾ ਰਹੀਆਂ ਇਹ ਕਾਰਵਾਈਆਂ ਇਸੇ ਕੜੀ ਦੇ ਲਿੰਕ ਵਜੋਂ ਮੰਨੀਆਂ ਜਾ ਰਹੀਆਂ ਹਨ। ਖੈਰ ਵਿਜੀਲੈਂਸ ਨੇ ਤੇਲੂ ਰਾਮ ਦਾ ਤਿੰਨ ਦਿਨ ਦਾ ਰਿਮਾਂਡ ਬੀਤੇ ਦਿਨੀਂ ਹਾਸਲ ਕਰ ਲਿਆ ਹੈ ਅਤੇ ਇਹ ਜਾਂਚ ਦੇ ਵਿਚ ਖੁਲਾਸਾ ਹੋਵੇਗਾ ਕਿ ਰੋਜ਼ਾਨਾ ਕਿੰਨੇ ਵਾਹਨ ਭੇਜੇ ਜਾਂਦੇ ਸਨ ਅਤੇ ਕਿਸ ਕਿਸ ਅਧਿਕਾਰੀ ਅਤੇ ਆਗੂ ਦਾ ਇਸ ਵਿੱਚ ਨਾਮ ਸ਼ਾਮਲ ਹੈ।
ਇਹ ਵੀ ਪੜੋ: ਪੰਜਾਬ ਵਿੱਚ 150 ਕਰੋੜ ਦੇ ਮਸ਼ੀਨੀਰੀ ਘੁਟਾਲੇ ਦੀ ਵਿਜੀਲੈਂਸ ਕਰੇਗੀ ਜਾਂਚ, ਜਾਂਚ ਦੇ ਘੇਰੇ ਵਿੱਚ ਸਾਬਕਾ CM ਕੈਪਟਨ