ਲੁਧਿਆਣਾ: ਅਵਾਰਾ ਪਸ਼ੂਆਂ 'ਤੇ ਠੱਲ੍ਹ ਪਾਉਣ ਲਈ ਕਾਰਪੋਰੇਸ਼ਨ ਦੀ ਮਦਦ ਨਾਲ ਐਨੀਮਲ ਬਰਥ ਕੰਟਰੋਲ(Animal birth control) ਦੇ ਨਵੇਂ ਸੈਂਟਰ ਦਾ ਪੰਜਾਬ ਦੇ ਕੈਬਿਨੇਟ ਮੰਤਰੀ(Cabinet Minister) ਭਾਰਤ ਭੂਸ਼ਣ ਆਸ਼ੂ ਵੱਲੋਂ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ 'ਚ ਜੋ ਆਵਾਰਾ ਪਸ਼ੂਆਂ ਦੀ ਸਮੱਸਿਆ ਸੀ, ਉਸ 'ਤੇ ਠੱਲ੍ਹ ਪਵੇਗੀ। ਉਨ੍ਹਾਂ ਕਿਹਾ ਕਿ ਇਹ ਅਤਿ ਆਧੁਨਿਕ ਹੈ ਅਤੇ ਇਸ ਨਾਲ ਅਵਾਰਾ ਪਸ਼ੂਆਂ ਦੀ ਜਨਸੰਖਿਆ 'ਤੇ ਕੰਟਰੋਲ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਥੇ ਵਿਸ਼ੇਸ਼ ਤੌਰ 'ਤੇ ਡਾਕਟਰਾਂ ਦੀ ਡਿਊਟੀ ਵੀ ਲਗਾਈ ਗਈ ਹੈ, ਜੋ ਪਸ਼ੂਆਂ ਦੀ ਜਾਂਚ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਦਾ ਸਾਰਾ ਖਰਚਾ ਕਾਰਪੋਰੇਸ਼ਨ ਵੱਲੋਂ ਹੀ ਚੁੱਕਿਆ ਜਾਵੇਗਾ।
ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ ਕਿ ਇਸ ਸਮਾਗਮ ਵਿੱਚ ਵੱਡਾ ਇਕੱਠ ਹੋਇਆ ਹੈ ਤਾਂ ਉਨ੍ਹਾਂ ਕਿਹਾ ਕਿ ਜ਼ਿਆਦਾ ਇਕੱਠ ਤਾਂ ਪੱਤਰਕਾਰਾਂ ਦਾ ਹੀ ਹੈ। ਜੇਕਰ ਤੁਸੀਂ ਕਹੋ ਤਾਂ ਅੱਗੇ ਤੋਂ ਤੁਹਾਨੂੰ ਨਹੀਂ ਬੁਲਾਇਆ ਕਰਾਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਫੋਟੋ ਲਾਉਣੀ ਹੈ ਤਾਂ ਲਗਾ ਦਿਓ, ਮੈਂ ਖੁਦ ਹੀ ਇਸ ਦਾ ਜਵਾਬ ਦੇ ਦਵਾਂਗਾ।
ਇਸ ਮੌਕੇ ਉਨ੍ਹਾਂ ਸ਼ਹਿਰ 'ਚ ਲੱਗੇ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰਾਂ 'ਤੇ ਵੀ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਦਾ ਚਿਹਰਾ ਹਨ। ਇਸ ਕਰਕੇ ਉਨ੍ਹਾਂ ਦੇ ਪੋਸਟਰ ਲੱਗ ਰਹੇ ਹਨ, ਇਸ ਵਿੱਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਰਾਜ਼ ਵਿਧਾਇਕਾਂ ਨਾਲ ਗੱਲਬਾਤ ਕਰ ਰਹੇ ਹਨ। ਜਿਨ੍ਹਾਂ ਵਿੱਚ ਹਾਲੇ ਵੀ ਥੋੜ੍ਹੀ ਬਹੁਤ ਨਾਰਾਜ਼ਗੀ ਹੈ, ਉਨ੍ਹਾਂ ਦੇ ਮਸਲੇ ਹਾਈਕਮਾਨ ਹੱਲ ਕਰ ਰਹੀ ਹੈ।
ਹਾਲਾਂਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਜਾਰੀ ਕੀਤੀ ਗਈਆਂ ਨਵੀਆਂ ਦਿਸ਼ਾ ਨਿਰਦੇਸ਼ਾਂ ਮੁਤਾਬਕ 20 ਤੋਂ ਵੱਧ ਲੋਕਾਂ ਦਾ ਇਕੱਠ ਕਿਸੇ ਸਮਾਗਮ 'ਚ ਨਹੀਂ ਹੋ ਸਕਦਾ, ਪਰ ਇਸ ਪ੍ਰੋਜੈਕਟ ਦੇ ਉਦਘਾਟਨ ਸਮੇਂ ਵੱਡੀ ਤਾਦਾਦ ਵਿੱਚ ਕਾਂਗਰਸੀ ਵਰਕਰ ਇਕੱਠੇ ਹੁੰਦੇ ਵਿਖਾਈ ਦਿੱਤੇ।
ਇਹ ਵੀ ਪੜ੍ਹੋ:Punjab Congress Crisis:ਤਿੰਨ ਮੈਂਬਰੀ ਪੈਨਲ ਅੱਜ ਹਾਈਕਮਾਂਡ ਨੂੰ ਸੌਂਪੇਗਾ ਆਪਣੀ ਰਿਪੋਰਟ