ਲੁਧਿਆਣਾ : ਲੁਧਿਆਣਾ ਦੇ ਥਾਣਾ ਨੰਬਰ 5 ਦੇ ਐਸਐਚਓ ਸਣੇ ਤਿੰਨ ਪੁਲਿਸ ਮੁਲਾਜ਼ਮਾਂ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ। ਇਹ ਕਾਰਵਾਈ ਪੁਲਿਸ ਹਿਰਾਸਤ 'ਚ ਨੌਜਵਾਨ ਦੀ ਮੌਤ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਥਾਣਾ ਨੰਬਰ 5 ਦੇ ਪੁਲਿਸ ਪਾਰਟੀ ਵੱਲੋਂ ਚੋਰੀ ਦੇ ਦੋਸ਼ 'ਚ ਦੀਪਕ ਸ਼ਕਲਾਂ ਨਾਂਅ ਦੇ ਇੱਕ ਨੌਜਵਾਨ ਨੂੰ 27 ਫਰਵਰੀ ਦੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਹਿਲਾਂ ਬੇਲ 'ਤੇ ਨੌਜਵਾਨ ਕੁੱਝ ਦਿਨਾਂ ਲਈ ਜੇਲ੍ਹ ਤੋਂ ਬਾਹਰ ਆ ਗਿਆ ਸੀ ਮਗਰ ਕੁੱਝ ਦਿਨਾਂ ਬਾਅਦ ਜਦੋਂ ਉਸ ਨੂੰ ਜੇਲ੍ਹ ਲਿਜਾਇਆ ਗਿਆ ਤੇ ਉੱਥੇ ਪੁਲਿਸ ਹਿਰਾਸਤ 'ਚ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਥਾਣੇ ਦੇ ਪੁਲਿਸ ਮੁਲਾਜ਼ਮਾਂ ਖਿਲਾਫ਼ ਉਸ ਦੇ ਮਾਤਾ-ਪਿਤਾ ਨੇ ਕੋਰਟ 'ਚ ਅਪੀਲ ਦਾਖ਼ਲ ਕੀਤੀ ਸੀ।
ਏਸੀਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਦੀਪਕ ਸ਼ੁਕਲਾ 27 ਸਾਲ ਦੀ ਜੇਲ੍ਹ ਵਿੱਚ ਮੌਤ ਹੋ ਗਈ ਸੀ ਉਸ ਤੋਂ ਪਹਿਲਾਂ ਥਾਣਾ ਡਵੀਜ਼ਨ ਨੰਬਰ 5 ਵੱਲੋਂ ਉਸ ਨੂੰ ਰਿਮਾਂਡ 'ਤੇ ਰੱਖਿਆ ਗਿਆ ਸੀ। ਉਸ ਦੇ ਪਰਿਵਾਰ ਨੇ ਮੁਲਾਜ਼ਮਾਂ ਤੇ ਇਲਜ਼ਾਮ ਲਾਏ ਸਨ ਕਿ ਪੁਲਿਸ ਵੱਲੋਂ ਕੁੱਟਮਾਰ ਕਰਨ ਕਰਕੇ ਉਸ ਦੀ ਮੌਤ ਹੋਈ ਹੈ।
ਇਹ ਮਾਮਲਾ ਅਦਾਲਤ 'ਚ ਚੱਲ ਰਿਹਾ ਸੀ, ਪਰ ਬੀਤੇ ਦਿਨੀਂ ਪੁਲਿਸ ਮੁਲਾਜ਼ਮਾਂ ਵੱਲੋਂ ਆਪਣੇ ਬਚਾਅ ਸਬੰਧੀ ਪਾਈ ਗਈ ਅਪੀਲ ਨੂੰ ਰੱਦ ਕਰ ਦਿੱਤਾ ਗਿਆ। ਕੋਰਟ ਨੇ ਪੁਲਿਸ ਮੁਲਾਜ਼ਮਾਂ ਖਿਲਾਫ਼ ਐਫ਼ਆਈਆਰ ਦਰਜ ਕਰਕੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਕੋਰਟ ਦੇ ਹੁਕਮਾਂ ਮੁਤਾਬਕ ਲਗਭਗ ਛੇ ਮਹੀਨੀਆਂ ਤੋਂ ਬਾਅਦ ਥਾਣਾ ਨੰਬਰ 5 ਦੇ ਐਸਐਚਓ ਸਣੇ 3 ਪੁਲਿਸ ਮੁਲਾਜ਼ਮਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ 'ਚ ਦੋਸ਼ੀ ਪਾਏ ਗਏ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਥਾਂ ਨਵੇਂ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।