ਲੁਧਿਆਣਾ: ਸਮਰਾਲਾ ਵਿਖੇ ਪਿਛਲੇ ਦਿਨੀਂ ਇੱਕ ਕਾਂਗਰਸੀ ਆਗੂ ਵੱਲੋਂ ਇੱਕ ਗ਼ਰੀਬ ਪਰਿਵਾਰ 'ਤੇ ਉਨ੍ਹਾਂ ਦੀ ਧੀ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ‘ਆਪ’ ਆਗੂ ਅਨਮੋਲ ਗਗਨ ਮਾਨ ਪੀੜਤਾ ਨੂੰ ਮਿਲਣ ਲਈ ਸਿਵਲ ਹਸਪਤਾਲ ਸਮਰਾਲਾ ਪੁੱਜੀ। ਉਨ੍ਹਾਂ ਪੀੜਤ ਪੱਖ ਦੇ ਹੱਕ 'ਚ ਸਮਰਥਨ ਦੇਣ ਦੀ ਗੱਲ ਆਖੀ ਹੈ।
ਆਗੂ ਅਨਮੋਲ ਗਗਨ ਨੇ ਕਿਹਾ ਕਿ ਪੀੜਤਾ ਦੇ ਹੱਕ 'ਚ ਸਮਰਥਨ ਦੇਣ ਦੀ ਗੱਲ ਆਖੀ। ਉਨ੍ਹਾਂ ਕੈਪਟਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਦੇ ਸਮੇਂ 'ਚ ਸੂਬੇ ਅੰਦਰ ਗੁੰਡਾ ਰਾਜ ਚੱਲ ਰਿਹਾ ਹੈ ਤੇ ਪੁਲਿਸ ਮੁਲਜ਼ਮਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਸਾਡੀ ਕੌਮ ਖ਼ਤਮ ਹੋ ਜਾਵੇਗੀ ਕਿਉਂਕਿ ਹੁਣ ਲੋਕਤੰਤਰ, ਕਾਨੂੰਨ ਵਿਵਸਥਾ ਤੇ ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਸਰਕਾਰਾਂ ਹੇਠਲੇ ਜਾਂ ਗ਼ਰੀਬ ਲੋਕਾਂ ਦੀ ਨਾਂਅ 'ਤੇ ਕੋਈ ਸਾਰ ਲੈਂਦੀ ਹੈ ਅਤੇ ਨਾਂ ਹੀ ਕੋਈ ਮਦਦ ਕਰਦੀ ਹੈ। ਅਨਮੋਲ ਗਗਨ ਨੇ ਆਖਿਆ ਉਹ ਆਪਣੀ ਪਾਰਟੀ ਨਾਲ ਮਿਲ ਕੇ ਪੀੜਤਾ ਨੂੰ ਇਨਸਾਫ ਦਿਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੇ ਮੁਲਜ਼ਮ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਪੀੜਤਾ ਦੇ ਬਿਆਨਾਂ ਮੁਤਾਬਕ ਉਸ ਦੇ ਪਿਤਾ ਦਿਹਾੜੀ ਕਰਦੇ ਹਨ। ਪੀੜਤਾ ਦੇ ਪਿਤਾ ਪਿੰਡ ਰਾਏਪੁਰ ਬੇਟ ਦੇ ਇੱਕ ਬਲਾਕ ਸਮਿਤੀ ਮੈਂਬਰ ਦੇ ਘਰ ਦਿਹਾੜੀ ਕਰਨ ਜਾਂਦੇ ਸਨ। ਪੀੜਤਾ ਮੁਤਾਬਕ ਅਕਸਰ ਉਹ ਕਾਂਗਰਸੀ ਆਗੂ ਉਸ ਦੇ ਪਿਤਾ ਤੋਂ ਮਿਹਨਤ-ਮਜ਼ਦੂਰੀ ਤਾਂ ਕਰਵਾ ਲੈਂਦਾ ਸੀ ਪਰ ਉਨ੍ਹਾਂ ਨੂੰ ਸਮੇਂ ਸਿਰ ਪੈਸੇ ਨਹੀਂ ਦਿੰਦਾ ਸੀ।
ਜਦ ਪੀੜਤਾ ਦੇ ਪਿਤਾ ਉਸ ਕੋਲੋਂ ਪੈਸੇ ਮੰਗਣ ਗਏ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਘਰ ਪਹੁੰਚਣ 'ਤੇ ਜਦ ਪੀੜਤਾ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਆਪਣੀ ਮਾਂ ਨਾਲ ਇਸ ਬਾਰੇ ਗੱਲ ਕਰਨ ਉਕਤ ਆਗੂ ਦੇ ਘਰ ਪੁੱਜੀ। ਉਥੇ ਪੀੜਤਾ ਨੂੰ ਉਸ ਦੀ ਮਾਂ ਸਣੇ ਬੰਧਕ ਬਣਾ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਤੇ ਉਨ੍ਹਾਂ ਦੇ ਕਪੜੇ ਵੀ ਫਾੜੇ। ਪੀੜਤਾ ਨੇ ਦੱਸਿਆ ਕਿ ਉਨ੍ਹਾਂ ਉੱਤੇ ਪੁਲਿਸ ਵੱਲੋਂ 2 ਹਜ਼ਾਰ ਰੁਪਏ ਦੇ ਕੇ ਸਮਝੌਤਾ ਕਰਨ ਦਾ ਦਬਾਅ ਵੀ ਪਾਇਆ ਗਿਆ।