ਜਲੰਧਰ: ਪਿੰਡ ਧੁਲੇਤਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ 22 ਸਾਲਾ ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਾਸੀ ਭੜਕ ਉੱਠੇ ਅਤੇ ਚੌਕੀ ਦੇ ਬਾਹਰ ਧਰਨਾ ਲਗਾ ਦਿੱਤਾ। ਪਿੰਡ ਵਾਸੀਆਂ ਵੱਲੋਂ ਪੁਲਿਸ ਅਤੇ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ ਪਿੰਡ ਦੇ ਨੌਜਵਾਨਾਂ, ਬੀਬੀਆਂ ਅਤੇ ਛੋਟੇ ਛੋਟੇ ਬੱਚੇ ਵੀ ਸ਼ਾਮਲ ਹੋਏ। ਇਸ ਵੇਲੇ ਇਨ੍ਹਾਂ ਨੂੰ ਪੁਲਿਸ ਵੱਲੋਂ ਕਿਹਾ ਗਿਆ ਕਿ ਪੁਲਿਸ ਇਨ੍ਹਾਂ ਖ਼ਿਲਾਫ਼ ਜਲਜ ਕਾਰਵਾਈ ਕਰੇਗੀ ਜੋ ਨਸ਼ੇ ਦਾ ਕਾਰੋਬਾਰ ਕਰਦੇ ਹਨ।
ਇਸ ਧਰਨੇ ਦੌਰਾਨ ਪਿੰਡ ਦੇ ਸਰਪੰਚ ਹਰਜੀਤ ਕੁਮਾਰ ਨੇ ਕਿਹਾ ਕਿ ਇਸ ਪਿੰਡ ਵਿੱਚ ਸਵੇਰੇ 6 ਵਜੇ ਤੋਂ ਪਿੰਡਾਂ ਅਤੇ ਦੂਸਰੇ ਜ਼ਿਲ੍ਹਿਆਂ ਤੋਂ ਨਸ਼ਾ ਲੈਣ ਲਈ ਲਾਈਨਾਂ ਲੱਗ ਜਾਂਦੀਆਂ ਹਨ। ਅਫਸੌਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਿੰਡ ਵਿੱਚ 3 ਨੌਜੁਆਨਾਂ ਦੀਆਂ ਮੌਤਾਂ ਨਸ਼ੇ ਕਾਰਨ ਹੋ ਗਈਆਂ ਹਨ ਅਤੇ 2 ਨੌਜਵਾਨ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਪੁਲਿਸ ਨੂੰ ਵਾਰ-ਵਾਰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਲੋਕਾਂ ਵਿੱਚ ਖਾਸਾ ਰੋਸ ਹੈ ਜਿਸ ਦੇ ਚੱਲਦਿਆਂ ਹੀ ਥਾਣੇ ਨੂੰ ਜਿੰਦਰਾ ਮਾਰਨ ਲਈ ਪਿੰਡ ਵਾਸੀਆਂ ਨੇ ਇਕੱਠ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਥਾਣਾ ਹੋਣ ਕਾਰਨ ਹੀ ਪੁਲਿਸ ਦੀ ਸ਼ਹਿ 'ਤੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ।
ਦੇਰ ਰਾਤ ਤੱਕ ਲੱਗੇ ਧਰਨੇ ਤੋਂ ਬਾਅਦ ਡੀ.ਐੱਸ.ਪੀ. ਫਿਲੌਰ ਹਰਲੀਨ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਉਨ੍ਹਾਂ ਦੇ ਪਿੰਡ ਵਿੱਚ ਨਸ਼ੇ ਦਾ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਪਿੰਡ ਵਾਸੀਆਂ ਨੂੰ ਅੱਗੇ ਤੋਂ ਕੋਈ ਸ਼ਿਕਾਇਅਤ ਦਾ ਮੌਕਾ ਨਹੀਂ ਦਿੱਤਾ ਜਵੇਗਾ। ਇਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਨਸ਼ੇ ਦਾ ਖ਼ਾਤਮਾ ਨਹੀਂ ਹੁੰਦਾ ਤਾਂ ਥਾਣੇ ਨੂੰ ਜਿੰਦਰਾ ਮਾਰ ਕੇ ਇੱਥੋਂ ਥਾਣੇ ਚੁਕਵਾਇਆ ਜਾਵੇਗੀ।
ਇਹ ਵੀ ਪੜ੍ਹੋ: ਪੈਟਰੋਲ ਪੰਪ ’ਤੇ ਬਲੈਰੋ ਗੱਡੀ ’ਚੋਂ ਉਤਰਦੇ ਦਿਖੇ ਹਰਿਆਣਾ ਦੇ 2 ਖਤਰਨਾਕ ਗੈਂਗਸਟਰ, CCTV ਆਈ ਸਾਹਮਣੇ