ਜਲੰਧਰ: ਦੇਸ਼ ’ਚ ਇੱਕ ਵਾਰ ਮੁੜ ਕੋਰੋਨਾ ਵਾਇਰਸ ਬਹੁਤ ਤੇਜੀ ਨਾਲ ਫੈਲ ਰਿਹਾ ਹੈ ਜਿਸ ਕਾਰਨ ਸਰਕਾਰਾਂ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪੰਜਾਬ ਸਰਕਾਰ ਨੇ ਸਖਤੀ ਕਰਦੇ ਹਿਦਾਇਤਾਂ ਦਿੱਤੀਆਂ ਸਨ ਕਿ ਸੂਬੇ ’ਚ ਚੱਲਣ ਵਾਲੀਆਂ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਵਿੱਚ ਸਿਰਫ਼ 50 ਫੀਸਦ ਹੀ ਸਵਾਰੀਆਂ ਸਫ਼ਰ ਕਰਨਗੀਆਂ। ਜਿਸ ਤੋਂ ਬਾਅਦ ਜਲੰਧਰ ਦੇ ਬੱਸ ਅੱਡੇ ਉੱਤੇ ਹਾਲਾਤ ਕੁਝ ਬਦਲੇ-ਬਦਲੇ ਹੋਏ ਨਜ਼ਰ ਆਏ। ਇੱਕ ਤਾਂ ਕੋਰੋਨਾ ਕਰਕੇ ਪਹਿਲੇ ਹੀ ਸਵਾਰੀਆਂ ਦੀ ਗਿਣਤੀ ਬਹੁਤ ਘੱਟੀ ਹੋਈ ਹੈ ਅਤੇ ਇਸ ਦੇ ਨਾਲ ਹੀ ਬੱਸਾਂ ਦੇ ਕੰਡਕਟਰ ਵੀ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਦਾ ਪਾਲਣ ਲੋਕਾਂ ਕੋਲੋਂ ਕਰਵਾ ਰਹੇ ਹਨ।
ਇਹ ਵੀ ਪੜੋ: ਵਿਆਹੁਤਾ ਵਲੋਂ ਫਾਹਾ ਲੈ ਕੇ ਖੁਦਕੁਸ਼ੀ, ਪੁਲਿਸ ਵੱਲੋਂ ਜਾਂਚ ਸ਼ੁਰੂ
ਜਲੰਧਰ ਦੇ ਬੱਸ ਅੱਡੇ ਵਿੱਚ ਖੜ੍ਹੀਆਂ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ’ਚ ਕੰਡਕਟਰ ਹੁਕਮਾਂ ਦੀ ਪਾਲਣਾ ਕਰਦੇ ਨਜ਼ਰ ਆਏ ਕਿ ਸਵਾਰੀਆਂ ਨਾਲ-ਨਾਲ ਨਾ ਬੈਠੀਆਂ ਹੋਣ। ਇਸ ਬਾਰੇ ਜਦੋਂ ਕੰਡਕਟਰ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 54 ਸੀਟਰ ਬੱਸ ਵਿੱਚ ਹੁਣ ਸਿਰਫ 25 ਤੋਂ 26 ਸਵਾਰੀਆਂ ਹੀ ਬਿਠਾਈਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਕਰਕੇ ਲੋਕ ਖੁਦ ਹੀ ਜਾਗਰੂਕ ਹੋ ਗਏ ਨੇ ਅਤੇ ਸਫਰ ਕਿਸੇ ਜ਼ਰੂਰੀ ਕੰਮ ਲਈ ਹੀ ਕਰ ਰਹੇ ਹਨ।