ਲੁਧਿਆਣਾ: ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਪੰਜਾਬ ਦੇ ਵਿੱਚ ਹੁਣ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲੋਕ ਘਰਾਂ ਵਿੱਚ ਹੁਣ ਤੋਂ ਹੀ ਏਅਰ ਕੰਡੀਸ਼ਨਰ ਅਤੇ ਕੂਲਰਾਂ ਆਦਿ ਦੀ ਵਰਤੋਂ ਕਰਨ ਲੱਗੇ ਹਨ। ਇਸ ਨੂੰ ਲੈ ਕੇ ਲੁਧਿਆਣਾ ਦੇ ਸਿਵਲ ਸਰਜਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਠੰਡ ਵਿੱਚ ਜਾਂ ਜ਼ਿਆਦਾ ਕੂਲਿੰਗ ਕਰਨ ਨਾਲ ਵਾਇਰਸ ਵੱਧ ਪਨਪਦੇ ਹਨ।
ਲੁਧਿਆਣਾ ਦੇ ਸਿਵਲ ਸਰਜਨ ਰਾਜੇਸ਼ ਬੱਗਾ ਨੇ ਕਿਹਾ ਕਿ ਪੰਜਾਬ ਵਿੱਚ ਗਰਮੀਆਂ ਦਾ ਸੀਜ਼ਨ ਆਉਣ ਵਾਲਾ ਹੈ ਅਤੇ ਲੋਕ ਏਅਰ ਕੰਡੀਸ਼ਨਰਾਂ ਦੀ ਵਰਤੋਂ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰ ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਇਨ੍ਹਾਂ ਏਅਰ ਕੰਡੀਸ਼ਨਰਾਂ ਦੀ ਸਰਵਿਸ ਕਰਾ ਲਈ ਜਾਵੇ।
ਫਿਲਟਰ ਨੂੰ ਸਾਫ਼ ਰੱਖੇ ਜਾਣ ਅਤੇ ਏਸੀ ਦਾ ਟੈਂਪਰੇਚਰ 24 ਡਿਗਰੀ ਤੋਂ ਲੈ ਕੇ 30 ਡਿਗਰੀ ਦੇ ਵਿਚਾਲੇ ਹੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕਮਰੇ ਦੇ ਵਿੱਚ ਬਹੁਤੀ ਕੂਲਿੰਗ ਨਾ ਕੀਤੀ ਜਾਵੇ ਅਤੇ ਕਮਰੇ ਦੇ ਵਿੱਚ ਬਾਹਰੋਂ ਵੀ ਹਵਾ ਨੂੰ ਜ਼ਰੂਰ ਵੈਂਟੀਲੇਟ ਕੀਤਾ ਜਾਵੇ ਤਾਂ ਜੋ ਕਮਰੇ ਦੀ ਹਵਾ ਬਦਲਦੇ ਰਹੇ। ਉਨ੍ਹਾਂ ਸਾਫ਼ ਕੀਤਾ ਹੈ ਕਿ ਵੱਧ ਠੰਡ ਦੇ ਵਿੱਚ ਵਾਇਰਸ ਜ਼ਿਆਦਾ ਪਨਪਦੇ ਹਨ।