ਜਲੰਧਰ:ਕਸਬਾ ਫਿਲੌਰ 'ਚ ਸੰਘਣੀ ਧੁੰਦ ਕਾਰਨ ਇੱਕ ਸੜਕ ਹਾਦਸਾ ਹੋਣ ਦੀ ਖ਼ਬਰ ਹੈ। ਸੰਘਣੀ ਧੁੰਦ ਕਾਰਨ ਇੱਕ ਗੱਡੀ ਤੇ ਟੈਂਪੂ ਵਿਚਾਲੇ ਟੱਕਰ ਹੋ ਗਈ।
ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਤੋਂ ਬਾਂਸਾਂ ਦੇ ਨਾਲ ਭਰਿਆ ਇੱਕ ਟੈਂਪੂ ਫਿਲੌਰ ਵਿਖੇ ਸਾਮਾਨ ਛੱਡਣ ਲਈ ਆ ਰਿਹਾ ਸੀ, ਕਿ ਅਚਾਨਕ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਟੈਂਪੂ ਨਾਲ ਟੱਕਰਾ ਗਈ। ਇਹ ਟੱਕਰ ਇੰਨ੍ਹੀ ਕੁ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ।
ਸੜਕ ਹਾਦਸੇ ਦੀ ਸੂਚਨਾ ਮਿਲਦੇ ਹੋਏ ਥਾਣਾ ਫਿਲੌਰ ਦੇ ਏਐਸਆਈ ਸੁਭਾਸ਼ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸੜਕ ਹਾਦਸਾ ਸੰਘਣੀ ਧੁੰਦ ਦੇ ਕਾਰਨ ਵਾਪਰਿਆ। ਇਸ ਤੋਂ ਇਲਾਵਾ ਗੱਡੀ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਹ ਗੱਡੀ ਕਾਬੂ ਨਹੀਂ ਕਰ ਸਕਿਆ। ਹਾਦਸੇ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ 'ਚ ਦੋਵੇਂ ਗੱਡੀ ਚਾਲਕਾਂ ਨੂੰ ਮਾਮੂਲੀ ਚੋਟਾਂ ਆਈਆਂ ਹਨ। ਫਿਲਹਾਲ ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲਿਸ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡਰਾਈਵਰ 'ਤੇ ਮਾਮਲਾ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਗਈ ਹੈ।