ਜਲੰਧਰ: ਡਾਇਰੈਕਟੋਰੇਟ ਆਫ ਇਨਫੋਰਸਮੈਂਟ ਦੇ ਤੀਜੇ ਨੋਟਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਈਡੀ ਸਾਹਮਣੇ ਪੇਸ਼ ਹੋ ਹੀ ਗਏ। ਜਲੰਧਰ ਸਥਿਤ ਈਡੀ ਦੇ ਖੇਤਰੀ ਦਫ਼ਤਰ ਵਿੱਚ ਰਣਇੰਦਰ ਸਿੰਘ ਆਪਣੇ ਵਕੀਲ ਸਮੇਤ ਪਹੁੰਚੇ। ਰਣਇੰਦਰ ਸਿੰਘ ਨੂੰ ਫੇਮਾ ਦੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਈਡੀ ਨੇ ਤਲਬ ਕੀਤਾ ਸੀ। ਇਸ ਦੌਰਾਨ ਉਹ ਮੀਡੀਆ ਦੇ ਸਵਾਲਾਂ ਤੋਂ ਵੀ ਬੱਚਦੇ ਹੋਏ ਵਿਖਾਈ ਦਿੱਤੇ। ਫਿਲਹਾਲ ਈਡੀ ਵੱਲੋਂ ਰਣਇੰਦਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਰਣਇੰਦਰ ਸਿੰਘ ਨੂੰ ਦੋ ਵਾਰ ਈਡੀ ਨੇ ਤਲਬ ਕੀਤਾ ਸੀ ਪਰ ਉਹ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਪੇਸ਼ ਨਹੀਂ ਹੋਏ ਸਨ। ਅਖੀਰ ਤੀਜੇ ਨੋਟਿਸ 'ਤੇ ਰਣਇੰਦਰ ਜਲੰਧਰ ਸਥਿਤ ਈਡੀ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਪਹੁੰਚੇ ਹਨ।
ਦੱਸ ਦਈਏ ਕਿ ਈਡੀ ਰਣਇੰਦਰ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾ ਰਹੀ ਸੀ। ਈਡੀ ਨੇ ਦੋ ਨੋਟਿਸਾਂ ਤੋਂ ਬਾਅਦ ਰਣਇੰਦਰ ਨੂੰ 19 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਈਡੀ 27 ਅਕਤੂਬਰ ਅਤੇ 6 ਨਵੰਬਰ ਨੂੰ ਪੇਸ਼ ਹੋਣ ਦਾ ਨੋਟਿਸ ਦੇ ਚੁੱਕੀ ਹੈ। ਇੱਕ ਮਹੀਨੇ ਦੇ ਅੰਦਰ ਈਡੀ ਵੱਲੋਂ ਰਣਇੰਦਰ ਨੂੰ ਤਿੰਨ ਨੋਟਿਸ ਭੇਜੇ ਗਏ।