ਜਲੰਧਰ: ਪੰਜਾਬ 'ਚ ਕੈਪਟਨ ਸਰਕਾਰ ਨੂੰ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ। ਇੱਕ ਪਾਸੇ ਜਿੱਥੇ ਸੂਬਾ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੀ ਜ਼ਮੀਨੀ ਪੱਧਰ ਉੱਤੇ ਇਹ ਦਾਅਵੇ ਝੂਠੇ ਪੈਂਦੇ ਨਜ਼ਰ ਆ ਰਹੇ ਹਨ। ਜਲੰਧਰ ਦੇ ਵਾਰਡ ਨੰਬਰ 41 ਦੀ ਖ਼ਰਾਬ ਹਾਲਤ ਕਾਰਨ ਸਥਾਨਕ ਲੋਕ ਬੇਹਦ ਪਰੇਸ਼ਾਨ ਹਨ।
ਸਥਾਨਕ ਲੋਕਾਂ ਨੇ ਈਟੀਵੀ ਭਾਰਤ ਦੀ ਟੀਮ ਨੂੰ ਆਪਣੀ ਪਰੇਸ਼ਾਨੀ ਦੱਸਦੇ ਹੋਏ ਕਿਹਾ ਕਿ ਇਲਾਕੇ ਦੀਆਂ ਸੜਕਾਂ ਟੁੱਟ ਚੁੱਕੀਆਂ ਹਨ, ਇੱਥੇ ਪਾਣੀ ਦੀ ਸਹੀ ਨਿਕਾਸੀ ਦਾ ਕੋਈ ਠੋਸ ਪ੍ਰਬੰਧ ਨਹੀਂ ਹੈ, ਤੇ ਨਾ ਹੀ ਇਲਾਕੇ ਦੀ ਸਫ਼ਾਈ ਹੋ ਰਹੀ ਹੈ। ਇਸ ਕਾਰਨ ਮੀਂਹ ਦੇ ਦਿਨਾਂ 'ਚ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤੇ ਗੰਦਗੀ ਦੇ ਕਾਰਨ ਲੋਕ ਬਿਮਾਰ ਪੈ ਰਹੇ ਹਨ। ਖ਼ਰਾਬ ਸੜਕਾਂ ਦੇ ਕਾਰਨ ਆਏ-ਦਿਨ ਹਾਦਸੇ ਹੁੰਦੇ ਰਹਿੰਦੇ ਹਨ, ਲੋਕ ਜ਼ਖ਼ਮੀ ਹੋ ਜਾਂਦੇ ਹਨ।
ਲੋਕਾਂ ਨੇ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਚੋਣਾਂ ਦੇ ਸਮੇਂ ਸਰਕਾਰ ਦੇ ਨੁਮਾਇੰਦੇ ਵੋਟਾਂ ਲਈ ਤਾਂ ਆਉਂਦੇ ਹਨ, ਪਰ ਚੋਣਾਂ ਖ਼ਤਮ ਹੋਣ ਤੋਂ ਬਾਅਦ ਇਲਾਕੇ ਵਿੱਚ ਇੱਕ ਵਾਰ ਵੀ ਨਹੀਂ ਆਉਂਦੇ ਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਵਾਅਦੇ ਪੂਰੇ ਕੀਤੇ ਜਾਂਦੇ ਹਨ। ਉਨ੍ਹਾਂ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਇਲਾਕੇ ਦੀਆਂ ਸਮੱਸਿਆਵਾਂ ਹੱਲ ਕੀਤੇ ਜਾਣ ਦੀ ਮੰਗ ਕੀਤੀ ਹੈ।
ਹੋਰ ਪੜ੍ਹੋ : ਬਾਦਲਾਂ ਦੀ ਰੈਲੀ ਦਾ 23 ਫਰਵਰੀ ਨੂੰ ਜਵਾਬ ਦੇਣਗੇ ਢੀਂਡਸਾ ਪਿਓ-ਪੁੱਤ
ਇਸ ਸਬੰਧ ਵਿੱਚ ਜਦ ਇਲਾਕੇ ਦੇ ਕੌਂਸਲਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਾਰਡ ਅੰਦਰ ਕੁੱਲ 49 ਸਫਾਈ ਸੇਵਕਾਂ ਦੀ ਲੋੜ ਹੈ, ਜਦਕਿ ਉਨ੍ਹਾਂ 'ਚੋਂ ਮਹਿਜ ਅੱਠ ਸਫਾਈ ਸੇਵਕ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਅੱਠ ਸਫਾਈ ਸੇਵਕਾਂ ਚੋਂ ਵੀ ਚਾਰ ਵਾਪਸ ਲੈ ਲਏ ਗਏ ਹਨ। ਇਸ ਤੋਂ ਇਲਾਵਾ ਕੌਂਸਲਰ ਨੇ ਵਿਰੋਧੀ ਧਿਰ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਦੇ ਕੌਂਸਲਰ ਹੋਣ ਕਾਰਨ ਸੂਬਾ ਸਰਕਾਰ ਦੇ ਅਫਸਰ ਤੇ ਆਗੂ ਉਨ੍ਹਾਂ ਨਾਲ ਵਿਤਕਰਾ ਕਰ ਰਹੇ ਹਨ। ਜਿਸ ਕਾਰਨ ਉਹ ਵਾਰਡ ਦੇ ਕੰਮ ਨਹੀਂ ਕਰਵਾ ਪਾ ਰਹੇ।