ਜਲੰਧਰ : ਕਸਬਾ ਆਦਮਪੁਰ ਦੇ ਲੋਕ ਖ਼ਰਾਬ ਸੜਕਾਂ ਕਾਰਨ ਬੇਹਦ ਪਰੇਸ਼ਾਨ ਹਨ। ਇਸ ਦੇ ਚਲਦੇ ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਦਾ ਇੰਤਜ਼ਾਰ ਕੀਤੇ ਬਗੈਰ ਖ਼ੁਦ ਹੀ ਇਲਾਕੇ ਦੀਆਂ ਸੜਕਾਂ ਦਾ ਨਿਰਮਾਣ ਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਇਸ ਬਾਰੇ ਦੱਸਦੇ ਹੋਏ ਸਥਾਨਕ ਸਮਾਜ ਸੇਵੀ ਸੰਸਥਾ ਸਿੱਖ ਮਿਸ਼ਨਰੀ ਕਾਲਜ ਦੇ ਮੈਂਬਰ ਗੁਰਜੀਤ ਸਿੰਘ ਨੇ ਦੱਸਿਆ ਕਿ ਕਸਬਾ ਆਦਮਪੁਰ ਦੇ ਪੇਂਡੂ ਲੋਕਾਂ ਨੂੰ ਖਰਾਬ ਸੜਕਾਂ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਸਬੇ ਦੇ ਬੱਸ ਸਟੈਂਡ ਤੋਂ ਲੈ ਕੇ ਏਅਰਪੋਰਟ ਤੱਕ ਦੀ ਸੜਕ ਤੱਕ ਸੜਕਾਂ 'ਚ ਟੋਏ ਪਏ ਹੋਏ ਹਨ। ਜਿਸ ਦੇ ਕਾਰਨ ਕਈ ਵਾਰ ਸੜਕ ਹਾਦਸੇ ਹੋ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਸਬੰਧੀ ਸਿੱਖ ਮਿਸ਼ਨਰੀ ਕਾਲਜ ਸੰਸਥਾ ਤੇ ਸਥਾਨਕ ਲੋਕਾਂ ਵੱਲੋਂ ਨਗਰ ਨਿਗਮ ਜਲੰਧਰ ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਦਿੱਤੀ ਗਈ ਸੀ। ਨਗਰ ਨਿਗਮ ਨੇ ਕੰਮ ਤਾਂ ਸ਼ੁਰੂ ਕੀਤਾ ਪਰ ਵਿਚਾਲੇ ਅਧੂਰਾ ਛੱਡ ਦਿੱਤਾ ਸੀ। ਜਿਸ ਕਾਰਨ ਲੋਕਾਂ ਦੀ ਸਮੱਸਿਆ ਜਿਓਂ ਦੀ ਤਿਓਂ ਬਣੀ ਰਹੀ। ਇਸ ਲਈ ਹੁਣ ਸਥਾਨਕ ਪਿੰਡਾਂ ਦੇ ਲੋਕ ਤੇ ਸਮਾਜ ਸੇਵੀ ਸੰਸਥਾ ਵੱਲੋਂ ਖ਼ੁਦ ਹੀ ਸੜਕ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਇਲਾਕੇ ਦੇ ਐਨਆਰਆਈ ਲੋਕਾਂ ਸਣੇ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਨੂੰ ਬਹੁਦ ਮਦਦ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਧੇ ਤੋਂ ਜਿਆਦਾ ਕੰਮ ਹੋ ਚੁੱਕਾ ਹੈ ਤੇ ਜਲਦ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਤੇ ਸਿੱਖ ਮਿਸ਼ਨਰੀ ਕਾਲਜ ਦੀ ਸੰਸਥਾ ਦੇ ਸਹਿਯੋਗ ਦੇ ਨਾਲ ਇਸ ਸੜਕ ਦੀ ਮੁਰੰਮਤ ਕੀਤੀ ਜਾ ਰਹੀ ਹੈ ਜੋ ਕਿ ਸ਼ਲਾਘਾਯੋਗ ਹੈ।