ਜਲੰਧਰ : ਫਿਲੌਰ ਦੇ ਮੁਹੱਲਾ ਕਲਸੀ ਨਗਰ ਵਿਖੇ ਬਣੀਆ ਝੁੱਗੀਆਂ ਵਿੱਚ ਗੈਸ ਸਿਲੰਡਰ ਦੀ ਲੀਕੇਜ ਕਾਰਨ ਇੱਕ ਝੁੱਗੀ ਨੂੰ ਅੱਗ ਲੱਗ ਗਈ। ਜਿਸ ਕਾਰਨ ਨਾਲ ਲੱਗਦੇ ਘਰਾਂ ਵਿੱਚ ਵੀ ਹਫੜਾ-ਦਫੜੀ ਮੱਚ ਗਈ। ਉੱਥੇ ਮੌਜੂਦ ਲੋਕਾਂ ਨੇ ਤੁਰੰਤ ਘਰਾਂ ਵਿੱਚ ਲੱਗੇ ਸਮਰਸੀਬਲ ਪੰਪਾਂ ਰਾਹੀਂ ਪਾਈਪਾਂ ਨਾਲ ਪਾਣੀ ਚਲਾਕੇ ਅੱਗ ਉੱਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਕਰੀਬ ਅੱਧੇ ਘੰਟੇ ਦੀ ਜਦੋ ਜਹਿਦ ਤੋਂ ਬਾਅਦ ਅੱਗ ਉੱਤੇ ਕਾਬੂ ਪਾ ਲਿਆ ਗਿਆ।
ਜੇ ਲੋਕ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਨਾ ਕਰਦੇ ਤਾਂ ਹੋ ਸਕਦਾ ਸੀ ਕਿ ਸਿਲੰਡਰ ਫੱਟ ਜਾਂਦਾ ਜਿਸ ਨਾਲ ਵੱਡਾ ਹਾਦਸਾ ਹੋ ਸਕਦਾ ਸੀ। 45 ਮਿੰਟਾਂ ਬਾਅਦ ਘਟਨਾ ਵਾਲੀ ਥਾਂ ਉੱਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਤੁਰੰਤ ਸਿਲੰਡਰ ਨੂੰ ਬਾਹਰ ਕੱਢ ਦਿੱਤਾ ਅਤੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ।
ਘਟਨਾ ਦਾ ਪਤਾ ਲੱਗਦਿਆ ਮੌਕੇ ਤੇ ਥਾਣਾ ਫਿਲੌਰ ਦੇ ਏਐਸਆਈ ਧਰਮਿੰਦਰ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ। ਦੱਸਣਯੋਗ ਹੈ ਕਿ ਝੁੱਗੀ ਵਿੱਚ ਰਹਿਣ ਵਾਲੀ ਮਹਿਲਾ ਕੰਚਨ ਪਤਨੀ ਗੰਨੂ ਲਾਲ ਚਾਹ ਬਣਾਉਣ ਲੱਗੀ ਸੀ ਕਿ ਅਚਾਨਕ ਸਿਲੰਡਰ ਦੀ ਲਿਕੇਜ ਕਾਰਨ ਅੱਗ ਲੱਗ ਗਈ। ਅੱਗ ਕਾਰਨ ਉਸ ਦੀ ਝੁੱਗੀ ਵਿੱਚ ਪਿਆ ਸਾਰਾ ਸਮਾਨ ਸੜ ਗਿਆ। ਪੀੜਤ ਮਹਿਲਾ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਸ ਦੇ ਨੁਕਸਾਨ ਦੀ ਭਰਪਾਈ ਜ਼ਰੂਰ ਕਾਰਵਾਈ ਜਾਵੇ। ਦੱਸਣਯੋਗ ਹੈ ਕਿ ਮਹਿਲਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸਦੇ ਬੇਟੇ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ।
ਇਹ ਵੀ ਪੜ੍ਹੋ : ਖਾਲਸਾ ਕਾਲਜ ਕਤਲ ਮਾਮਲੇ 'ਚ ਦੋ ਨੌਜਵਾਨਾਂ ਸਮੇਤ ਲੜਕੀ ਗ੍ਰਿਫ਼ਤਾਰ