ਹੁਸ਼ਿਆਰਪੁਰ: ਪਾਕਿਸਤਾਨੀ ਨਾਗਰਿਕ ਮੁਬਾਰਕ ਬਿਲਾਲ ਬੀਤੇ 2 ਸਾਲ ਤੋਂ ਭਾਰਤੀ ਜੇਲ੍ਹ 'ਚ ਬੰਦ ਹੈ। ਆਉਣ ਵਾਲੀ 14 ਜਨਵਰੀ ਨੂੰ ਨਾਬਾਲਗ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਨੇ ਨਾਬਾਲਗ ਮੁਬਾਰਕ ਬਿਲਾਲ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਬਾਅਦ ਬਿਲਾਲ ਨੂੰ ਜੁਵਨਾਇਲ ਕੋਰਟ ਵਿੱਚ ਰੱਖਿਆ ਗਿਆ। ਅਦਾਲਤ ਨੇ ਮੁਬਾਰਕ ਬਿਲਾਲ ਦੀ ਉਮਰ ਘੱਟ ਅਤੇ ਬੇਕਸੂਰ ਹੋਣ ਕਾਰਨ ਬਰੀ ਕਰ ਦਿੱਤਾ ਸੀ ਪਰ ਫਿਰ ਵੀ ਮੁਬਾਰਕ ਬਿਲਾਲ ਨੂੰ ਨਵੰਬਰ 2018 ਤੋ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਬਿਨ੍ਹਾਂ ਕਿਸੀ ਕਾਰਨ ਕੈਦ ਕਰਕੇ ਰੱਖਿਆ ਗਿਆ ਸੀ।
ਹੁਸ਼ਿਆਰਪੁਰ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਹੁਸ਼ਿਆਰਪੁਰ ਦੇ ਓਬਜ਼ਰਵੇਸ਼ਨ ਹੋਮ ਵਿੱਚ ਬੰਦ ਪਾਕਿਸਤਾਨੀ ਬੱਚੇ ਮੁਬਾਰਕ ਉਰਫ਼ ਮੁਬਸ਼ਰ ਬਿਲਾਲ ਨਾਲ ਮੁਲਾਕਾਤ ਕੀਤੀ। ਈਸ਼ਾ ਕਾਲੀਆ ਨੇ ਦੱਸਿਆ ਕਿ ਪਾਕਿਸਤਾਨ ਦੇ ਪਿੰਡ ਕਸੂਰ ਦੇ ਮੁਬਾਰਕ ਨੂੰ ਓਬਜ਼ਰਵੇਸ਼ਨ ਹੋਮ ਤੋਂ 14 ਜਨਵਰੀ ਨੂੰ ਰਿਹਾਅ ਕਰਕੇ ਅਟਾਰੀ ਸੀਮਾ 'ਤੇ ਪਾਕਿਸਤਾਨੀ ਰੇਂਜਰਸ ਨੂੰ ਸੌਂਪ ਦਿੱਤਾ ਜਾਵੇਗਾ।
ਇਸ ਦੌਰਾਨ ਉਨ੍ਹਾਂ ਮੁਬਾਰਕ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਸ ਨੂੰ ਆਪਣੇ ਘਰ ਜਾ ਕੇ ਨਵੇਂ ਸਿਰੇ ਤੋਂ ਜਿੰਦਗੀ ਸ਼ੁਰੂ ਕਰਨ ਅਤੇ ਪੂਰੀ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਮੁਬਾਰਕ ਨੂੰ ਮਠਿਆਈ ਤੇ ਉਪਹਾਰ ਵੀ ਭੇਟ ਕੀਤੇ।
ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਮੁਬਾਰਕ ਬਿਲਾਲ 15-16 ਸਾਲ ਦਾ ਨਾਬਾਲਗ ਹੈ, ਜਿਸ ਦਾ ਘਰ ਪਾਕਿਸਤਾਨ ਭਾਰਤ ਸਰਹੱਦ ਦੇ ਬਿਲਕੁਲ ਨੇੜੇ ਸੀ। ਘਰਦਿਆਂ ਨਾਲ ਗੁੱਸਾ ਹੋ ਕੇ ਬਿਲਾਲ ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖ਼ਲ ਹੋ ਗਿਆ ਸੀ, ਜਿਸ ਤੋਂ ਬਾਅਦ ਭਾਰਤੀ ਫ਼ੌਜ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਸੀ।