ਹੁਸ਼ਿਆਰਪੁਰ: ਸ਼ਹਿਰ 'ਚ ਜਾਨਵਰਾਂ ਨਾਲ ਅਣਮਨੁੱਖੀ ਵਿਵਹਾਰ ਦੀ ਇੱਕ ਘਟਨਾ ਸਾਹਮਣੇ ਆਈ ਹੈ। ਇੱਥੇ ਪਿੰਡ ਬੱਸੀ ਗੁਲਾਮ ਹੁਸੈਨ ਵਿਖੇ ਦੋ ਗਊਆਂ ਮ੍ਰਿਤਕ ਹਾਲਤ 'ਚ ਮਿਲੀਆਂ ਹਨ। ਪਿੰਡ ਵਾਸੀਆਂ ਵੱਲੋਂ ਪਿੰਡ ਦੇ ਹੀ ਇੱਕ ਵਿਅਕਤੀ ਦੇ ਨੌਕਰ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।
ਪਿੰਡ ਵਾਸੀ ਰਿਸ਼ੀ ਡੋਗਰਾ ਨੇ ਦੱਸਿਆ ਅੰਮ੍ਰਿਤਸਰ ਦੇ ਇੱਕ ਵਿਅਕਤੀ ਨੇ ਪਿੰਡ 'ਚ ਜ਼ਮੀਨ ਖ਼ਰੀਦੀ ਹੋਈ ਹੈ। ਉਸ ਵੱਲੋਂ ਜ਼ਮੀਨ ਦੀ ਰਾਖੀ ਲਈ ਇੱਕ ਵਿਅਕਤੀ ਨੂੰ ਨੌਕਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨੌਕਰ ਨੇ ਸ਼ਿਕਾਰ ਕਰਨ ਲਈ ਜ਼ਮੀਨ ਦੇ ਆਲੇ- ਦੁਆਲੇ ਬਿਜਲੀ ਦੇ ਕਰੰਟ ਵਾਲੀ ਤਾਰ ਲਗਾਈ ਹੋਈ ਹੈ। ਬੀਤੀ ਰਾਤ ਕਰੰਟ ਵਾਲੀ ਤਾਰਾਂ ਦੀ ਚਪੇਟ 'ਚ ਆਉਣ ਦੇ ਕਾਰਨ ਦੋਵੇਂ ਗਊਆਂ ਦੀ ਮੌਤ ਹੋ ਗਈ। ਨੌਕਰ ਨੇ ਕਿਸੇ ਦੀ ਸਹਾਇਤਾ ਨਾਲ ਮ੍ਰਿਤਕ ਗਊਆਂ ਨੂੰ ਟਰੈਕਟਰ 'ਚ ਲਿਆ ਕੇ ਪਿੰਡ ਦੇ ਬਾਹਰ ਸੁੱਟ ਦਿੱਤਾ। ਇਸ ਬਾਰੇ ਪਤਾ ਲੱਗਦੇ ਹੀ ਪਿੰਡ ਵਾਸੀਆਂ ਵੱਲੋਂ ਉਕਤ ਨੌਕਰ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਉਨ੍ਹਾਂ ਆਖਿਆ ਕਿ ਪਿੰਡ ਵਾਸੀਆਂ ਵੱਲੋਂ ਵਾਰ -ਵਾਰ ਮੰਨਾ ਕੀਤੇ ਜਾਣ ਮਗਰੋਂ ਵੀ ਉਸ ਨੇ ਕਰੰਟ ਵਾਲੀ ਤਾਰਾਂ ਨਹੀਂ ਹਟਾਇਆ। ਇਸ ਤੋਂ ਪਹਿਲਾਂ ਵੀ ਕਰੰਟ ਦੀ ਚਪੇਟ 'ਚ ਆ ਕੇ ਪਸ਼ੂ ਮਰ ਚੁੱਕੇ ਹਨ, ਇਸ ਨਾਲ ਪਿੰਡ ਵਾਸੀਆਂ ਨੂੰ ਪਸ਼ੂਧਨ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਉਕਤ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪੁਜੇ। ਪੁਲਿਸ ਅਧਿਕਾਰੀ ਸੇਵਾ ਦਾਸ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਮੁਲਜ਼ਮ ਪਾਏ ਜਾਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।