ਹੁਸ਼ਿਆਰਪੁਰ: ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗੰਨਮੈਨਾਂ ਵਲੋਂ ਟਰੱਕ ਡਰਾਈਵਰ ਨਾਲ ਕੀਤੀ ਗਈ ਕੁੱਟਮਾਰ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਟਰੱਕ ਡਰਾਈਵਰਾਂ ਵਲੋਂ ਸਪੀਕਰ ਵਿਰੁੱਧ ਲਗਾਤਾਰ ਮੁਜ਼ਾਹਰੇ ਕੀਤੇ ਜਾ ਰਹੇ ਨੇ ਉਥੇ ਹੀ ਹੁਣ ਕਾਂਗਰਸ ਵਲੋਂ ਕੁਲਤਾਰ ਸਿੰਘ ਸੰਧਵਾਂ ਦਾ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਹੁਸਿ਼ਆਰਪੁਰ ਚ ਯੂਥ ਕਾਂਗਰਸ ਵਲੋਂ ਹਲਕਾ ਪ੍ਰਧਾਨ ਪਵਿੱਤਰਦੀਪ ਸਿੰਘ ਲੁਬਾਣਾ ਦੀ ਅਗਵਾਈ ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਪਿੱਟ ਸਿਆਪਾ ਕਰਦਿਆਂ ਹੋਇਆ ਪੂਤਲਾ ਫੂਕਿਆ ਅਤੇ ਸਰਕਾਰ ਅਤੇ ਸਪੀਕਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਯੂਥ ਆਗੂ ਪਵਿੱਤਰਦੀਪ ਸਿੰਘ ਲੁਬਾਣਾ ਨੇ ਕਿਹਾ ਕਿ ਬਦਲਾਵ ਦਾ ਰੌਲਾ ਪਾ ਕੇ ਸੱਤਾ ਚ ਆਈ ਆਮ ਆਦਮੀ ਪਾਰਟੀ ਨੇ ਬਦਲਾਅ ਤਾਂ ਕਿ ਕਰਨਾ ਸੀ ਉਲਟਾ ਲੋਕਾਂ ਨਾਲ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸਦੀ ਤਾਜ਼ਾ ਉਦਾਹਰਣ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗੰਨਮੈਨਾਂ ਵਲੋਂ ਕੀਤੀ ਗਈ ਕੁੱਟਮਾਰ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਪੀਕਰ ਨੇ ਟਰੱਕ ਡਰਾਈਵਰਾਂ ਸਾਹਮਣੇ ਆ ਕੇ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਵਲੋਂ ਟਰੱਕ ਡਰਾਈਵਰਾਂ ਨਾਲ ਮਿਲ ਕੇ ਜੋਰਦਾਰ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ।
ਇਹ ਵੀ ਪੜੋ: ਅੰਮ੍ਰਿਤਸਰ ਵਿੱਚ ਪੁਲਿਸ ਮੁਲਾਜ਼ਮ ਦੀ ਗੱਡੀ ਹੇਠੋਂ ਬੰਬਨੁਮਾ ਚੀਜ਼ ਬਰਾਮਦ