ਹੁਸ਼ਿਆਰਪੁਰ: ਮਾਲ ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਮੰਤਰੀ, ਪੰਜਾਬ, ਬ੍ਰਮ ਸ਼ੰਕਰ ਜ਼ਿੰਪਾ ਨੇ ਸੂਬੇ ਦੇ ਪਟਵਾਰੀਆਂ ਨੂੰ ਹੜਤਾਲ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਲੋਕ ਹਿੱਤ ਵਿੱਚ ਕੰਮ 'ਤੇ ਪਰਤਣ ਅਤੇ ਗਲਤ ਕਰਮਚਾਰੀ ਜਾਂ ਅਧਿਕਾਰੀ ਦਾ ਸਹਿਯੋਗ ਕਰਕੇ ਸਰਕਾਰ 'ਤੇ ਬਿਨਾਂ ਕਿਸੇ ਕਾਰਨ ਦਬਾਅ ਨਾ ਪਾਉਣ।
ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਦਿਨੀ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਇੱਕ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ ਅਤੇ ਇਸ ਸਬੰਧੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਪਰ ਸੂਬੇ ਦੇ ਪਟਵਾਰੀਆਂ ਵਲੋਂ ਇਸ ਸਬੰਧੀ ਬਿਨਾਂ ਕਿਸੇ ਕਾਰਨ ਹੜਤਾਲ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਕਿ ਕਿਸੇ ਵੀ ਹੱਦ ਤੱਕ ਜਾਇਜ਼ ਨਹੀਂ ਹੈ।
ਮਾਲ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮਾਲ ਵਿਭਾਗ ਨਾਲ ਜੁੜੇ ਪਟਵਾਰੀਆਂ ਅਤੇ ਹੋਰ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਮੰਗਾਂ ਪ੍ਰਤੀ ਬਹੁਤ ਗੰਭੀਰ ਹਨ ਅਤੇ ਉਨ੍ਹਾਂ ਦੇ ਹੱਲ ਲਈ ਵੀ ਯਤਨਸ਼ੀਲ ਹਨ ਪਰ ਜੇਕਰ ਕੋਈ ਕਰਮਚਾਰੀ ਜਾਂ ਅਧਿਕਾਰੀ ਗਲਤ ਕੰਮ ਕਰਦਾ ਹੈ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਟਵਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਕਿਸੇ ਵੀ ਪੱਖੋਂ ਸਹੀ ਨਹੀਂ ਹੈ ਕਿਉਂਕਿ ਜਿਸ ਵਿਅਕਤੀ ਸਬੰਧੀ ਪਟਵਾਰੀਆਂ ਨੇ ਹੜਤਾਲ ਕੀਤੀ ਸੀ, ਉਸ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ ਅਤੇ ਇਸ ਵਿਚ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਟਵਾਰੀਆਂ ਦੀ ਹੜਤਾਲ ਕਾਰਨ ਵਿਭਾਗ ਵਿੱਚ ਕੰਮ ਕਰਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵੀ ਅਕਸ ਖ਼ਰਾਬ ਹੁੰਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਕਤ ਪਟਵਾਰੀ ਨੰਬਰਦਾਰ ਵਜੋਂ ਵੀ ਕੰਮ ਕਰ ਰਿਹਾ ਹੈ ਅਤੇ ਉਸ ਨੇ ਸਰਕਾਰ ਤੋਂ ਬਤੌਰ ਨੰਬਰਦਾਰ 2 ਲੱਖ 1 ਹਜ਼ਾਰ ਰੁਪਏ ਦਾ ਮਾਣ ਭੱਤਾ ਵੀ ਲਿਆ ਹੋਇਆ ਹੈ, ਜੋ ਕਿ ਗੈਰ-ਕਾਨੂੰਨੀ ਹੈ ਅਤੇ ਜੇਕਰ ਯੂਨੀਅਨ ਅਜਿਹੇ ਲੋਕਾਂ ਦਾ ਸਾਥ ਦੇਵੇਗੀ ਤਾਂ ਜਨਤਾ ਦੀਆਂ ਨਜ਼ਰਾਂ 'ਚ ਉਨ੍ਹਾਂ ਦੀ ਕੀ ਦਿੱਖ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਫਸਲਾਂ ਦੀ ਬਿਜਾਈ ਦਾ ਸੀਜ਼ਨ ਹੋਣ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਹੜਤਾਲ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਟਵਾਰੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਧੱਕਾ ਹੋਇਆ ਹੈ ਤਾਂ ਉਹ ਅਦਾਲਤ ਵਿੱਚ ਜਾਣ, ਹੜਤਾਲ ਕਰਕੇ ਲੋਕਾਂ ਨੂੰ ਤੰਗ ਨਾ ਕਰਨ।
ਬ੍ਰਮ ਸ਼ੰਕਰ ਜ਼ਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਪਟਵਾਰੀ ਯੂਨੀਅਨ ਦੀ ਮੀਟਿੰਗ ਪਹਿਲਾਂ ਹੀ ਹੋ ਚੁੱਕੀ ਹੈ ਜਿਸ ਵਿੱਚ ਉਹ ਵਿਭਾਗ ਦੇ ਮੰਤਰੀ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਕੋਈ ਮੰਗ ਹੈ ਤਾਂ ਪਟਵਾਰੀ ਜਦੋਂ ਚਾਹੁਣ ਆ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗਲਤ ਕੰਮਾਂ ਵਿੱਚ ਕਿਸੇ ਦਾ ਸਾਥ ਨਹੀਂ ਦੇਵੇਗੀ ਅਤੇ ਲੋਕ ਹਿੱਤ ਵਿੱਚ ਹੀ ਕੰਮ ਕਰੇਗੀ।
ਇਹ ਵੀ ਪੜ੍ਹੋ: ਪਟਿਆਲਾ ਘਟਨਾ ਨੂੰ ਲੈਕੇ ਪੰਥਕ ਇਕੱਠ ’ਚ ਮਾਨ ਸਰਕਾਰ 'ਤੇ ਖੜ੍ਹੇ ਕੀਤੇ ਸਵਾਲ !