ਹੁਸ਼ਿਆਰਪੁਰ: ਹੁਸ਼ਿਆਰਪੁਰ ਸ਼ਹਿਰ ਦੇ ਦੁਗਾਣਾ ਰੋਡ 'ਤੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਥੈਲੇ ਵਿੱਚ ਪਾਈ ਹੋਈ ਲਾਸ਼ ਝਾੜੀਆਂ ਵਿੱਚ ਮਿਲੀ। ਜਾਣਕਾਰੀ ਅਨੁਸਾਰ ਇਹ ਲਾਸ਼ ਪ੍ਰੇਮ ਲਤਾ ਨਾਂਅ ਦੀ ਮਹਿਲਾ ਦੀ ਹੈ ਜੋ ਕਿ ਜੋੜੀਆਂ ਭੱਠੀਆਂ ਦੀ ਰਹਿਣ ਵਾਲੀ ਹੈ। ਪੁਲਿਸ ਨੇ ਮਹਿਲਾ ਦਾ ਕਤਲ ਕਰਨ ਵਾਲੇ ਅਸ਼ੋਕ ਕੁਮਾਰ ਨੂੰ ਪ੍ਰੇਮ ਲਤਾ ਦੇ ਕਾਤਲ ਵਜੋਂ ਗ੍ਰਿਫ਼ਤਾਰ ਕੀਤਾ ਹੈ।
ਮ੍ਰਿਤਕਾ ਪ੍ਰੇਮ ਲਤਾ ਦੇ ਪਤੀ ਅਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਘਰੋਂ ਸ਼ਹਿਰ ਜਾਣ ਦਾ ਆਖ ਕੇ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਉਸ ਦੇ ਫੋਨ 'ਤੇ ਕਈ ਵਾਰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਇਸ ਮਗਰੋਂ ਪਿੰਡ ਦੇ ਸਰਪੰਚ ਦਾ ਫੋਨ ਆਇਆ ਕਿ ਉਸ ਦੀ ਪਤਨੀ ਦੀ ਲਾਸ਼ ਦੁਗਾਣਾ ਰੋਡ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਉਸ ਦੀ ਪਤਨੀ ਦਾ ਕਤਲ ਅਸ਼ੋਕ ਕੁਮਾਰ ਨੇ ਕੀਤਾ ਹੈ ਅਤੇ ਉਸ ਨਾਲ ਉਨ੍ਹਾਂ ਦੀ ਪਰਿਵਾਰਕ ਸਾਂਝ ਹੈ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਸ਼ੋਕ ਕੁਮਾਰ ਨੇ ਕੈਮਰੇ ਸਾਹਮਣੇ ਆਪਣਾ ਗੁਨਾਹ ਕਬੂਲ ਕੀਤਾ ਹੈ। ਅਸ਼ੋਕ ਕੁਮਾਰ ਨੇ ਕਿਹਾ ਕਿ ਪ੍ਰੇਮ ਲਤਾ ਨਾਲ ਉਸ ਦੇ ਸਬੰਧ ਸਨ ਅਤੇ ਇਸ ਦੌਰਾਨ ਪ੍ਰੇਮ ਲਤਾ ਫੋਟੋਆਂ ਨੂੰ ਲੈ ਕੇ ਬਲੈਕਮੇਲ ਕਰਦੀ ਸੀ ਅਤੇ ਪੈਸੇ ਦੀ ਮੰਗ ਕਰਦੀ ਸੀ। ਅਸ਼ੋਕ ਕੁਮਾਰ ਨੇ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਪ੍ਰੇਮ ਲਤਾ ਨੂੰ ਫੋਨ ਕਰਕੇ ਘਰ ਬੁਲਾਇਆ ਸੀ ਅਤੇ ਇਸ ਮਗਰੋਂ ਨਸ਼ੇ ਦੀ ਹਾਲਤ ਵਿੱਚ ਇੱਕ ਛੋਟੀ ਕਿਰਪਾਨ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਝਾੜੀਆਂ ਵਿੱਚ ਸੁੱਟ ਦਿੱਤੀ।
ਕਤਲ ਦੇ ਇਸ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਦੇ ਮੁਖੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਗੁਨਾਹ ਕਬੂਲ ਕਰ ਲਿਆ ਹੈ। ਇਸ ਖ਼ਿਲਾਫ਼ ਭਾਰਤੀ ਦੰਡਵਾਲੀ ਦੀ ਧਾਰਾ 302 ਅਤੇ 301 ਅਧੀਨ ਮੁਕੱਦਮਾ ਦਰਜ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਕੇਸ ਦੀ ਤਫਤੀਸ਼ ਜਾਰੀ ਹੈ।