ਗੁਰਦਾਸਪੁਰ: ਭਾਰਤੀ ਇੰਟੈਲੀਜੈਂਸ ਬਿਊਰੋ ਨੇ ਸ਼ਹਿਰ ਦੇ ਤਿਬੜੀ ਛਾਉਣੀ ਤੋਂ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਉੱਤੇ ਭਾਰਤੀ ਫ਼ੌਜ ਦੀ ਗੁਪਤ ਸੂਚਨਾਵਾਂ ਪਾਕਿਸਤਾਨ ਨੂੰ ਭੇਜਣ ਦਾ ਦੋਸ਼ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀਆਂ ਨੇ ਵਿਪਨ ਸਿੰਘ ਨਾਂਅ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਇੱਕ ਸਾਬਕਾ ਫ਼ੌਜੀ ਦਾ ਪੁੱਤਰ ਹੈ ਅਤੇ ਉਹ ਗੁਰਦਾਸਪੁਰ ਦੇ ਪਿੰਡ ਭੁੱਲੇ ਚਕ ਦਾ ਵਸਨੀਕ ਹੈ। ਮੁਲਜ਼ਮ ਭਾਰਤੀ ਫ਼ੌਜ ਦੀਆਂ ਗੁਪਤ ਸੂਚਨਾਵਾਂ ਪਾਕਿਸਤਾਨ ਫ਼ੌਜ ਨੂੰ ਭੇਜਦਾ ਸੀ।
ਮੁਲਜ਼ਮ ਗੁਰਦਾਸਪੁਰ ਦੇ ਤੀਬੜੀ ਕੈਂਟ ਇਲਾਕੇ ਵਿੱਚ ਹੈਡਲੂਮ ਦਾ ਕੰਮ ਕਰਦਾ ਸੀ ਅਤੇ ਉਹ ਪਿਛਲੇ ਇੱਕ ਸਾਲ ਤੋਂ ਪਾਕਿਸਤਾਨ ਦੇ ਕੁੱਝ ਲੋਕਾਂ ਨਾਲ ਸੰਪਰਕ ਵਿੱਚ ਸੀ। ਉਹ ਫ਼ੌਜ ਦੀ ਕਈ ਗੁਪਤ ਸੂਚਨਾਵਾਂ ਅਤੇ ਵਾਟਸਅਪ ਰਾਹੀਂ ਕਰਤਾਰਪੁਰ ਕੌਰੀਡੋਰ ਦੀਆਂ ਕਈ ਤਸਵੀਰਾਂ ਪਾਕਿਸਤਾਨ ਭੇਜ ਚੁੱਕਿਆ ਹੈ। ਇਸ ਦੇ ਲਈ ਉਹ ਪਾਕਿਸਤਾਨ ਕੋਲੋਂ 80 ਹਜ਼ਾਰ ਰੁਪਏ ਦੀ ਰਕਮ ਵੀ ਲੈ ਚੁੱਕਿਆ ਹੈ।
ਇੰਟੈਲੀਜੈਂਸ ਬਿਊਰੋ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਵੱਲੋਂ ਪਾਕਿਸਤਾਨ ਵਿੱਚ ਵਾਟਸਐਪ ਰਾਹੀਂ ਵੀਡੀਓ ਕਾਲ ਵੀ ਕੀਤੀ ਗਈ ਹੈ ਅਤੇ ਉਸ ਵੱਲੋਂ ਫ਼ੌਜ ਦੀਆਂ ਕਈ ਅਹਿਮ ਜਾਣਕਾਰੀ ਵੀ ਭੇਜੀ ਗਈ ਹੈ। ਫਿਲਹਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਮੁਲਜ਼ਮ ਉੱਤੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਪੁੱਛਗਿੱਛ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ।