ਗੁਰਦਾਸਪੁਰ: ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਵਾਇਰਸ ਦੀ ਲਪੇਟ ਹੁਣ ਭਾਰਤ ਵੀ ਆ ਗਿਆ ਹੈ। ਭਾਰਤ 'ਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਇੱਕ 76 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਹੈ। ਉੱਥੇ ਹੀ ਪੰਜਾਬ ਦੇ ਗੁਰਦਾਸਪੁਰ 'ਚ ਵੀ ਇੱਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ।
ਇਹ ਸ਼ੱਕੀ ਮਰੀਜ਼ ਬੀਤੇ ਮਹੀਨੇ ਦੀ 25 ਫਰਵਰੀ ਨੂੰ ਚੀਨ ਤੋਂ ਵਾਪਿਸ ਭਾਰਤ ਪਰਤਿਆ ਸੀ। ਮਰੀਜ਼ ਡੇਰਾ ਬਾਬਾ ਨਾਨਕ ਸਬ-ਡਵੀਜ਼ਨ ਨਾਲ ਸਬੰਧਤ ਹੈ। ਮਹਾਂਮਾਰੀ ਨਾਲ ਪੀੜਤ ਇਸ ਵਿਅਕਤੀ ਨੂੰ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਵਿੱਚ ਬਣੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।
ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਉਹ ਚੀਨ ਤੋਂ ਸ੍ਰੀਲੰਕਾ ਹੁੰਦੇ ਹੋਏ ਭਾਰਤ ਆਇਆ ਸੀ। ਇਹ ਵਿਅਕਤੀ ਚੀਨ ਦੇ ਵੂਹਾਨ 'ਚ ਕਿਸੇ ਹੋਟਲ 'ਚ ਮੈਨੇਜਰ ਵਜੋਂ ਕੰਮ ਕਰਦਾ ਸੀ। ਉਕਤ ਵਿਅਕਤੀ ਨੇ ਚੀਨ ਤੋਂ ਆਉਣ ਤੋਂ ਪਹਿਲਾਂ ਵੀ ਆਪਣਾ ਟੈਸਟ ਕਰਵਾਇਆ ਸੀ ਅਤੇ ਰਸਤੇ 'ਚ ਵੀ ਉਸ ਦਾ ਟੈਸਟ ਹੋਇਆ ਸੀ। ਪਰ ਉਸ ਮੌਕੇ ਉਸ ਦਾ ਟੈਸਟ ਨੈਗੇਟਿਵ ਆਇਆ ਸੀ।
ਬੀਤੇ ਬੁੱਧਵਾਰ ਨੂੰ ਉਸ ਨੂੰ ਖਾਂਸੀ ਤੇ ਬੁਖਾਰ ਹੋਣ ਕਾਰਣ ਉਸ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਸੀ। ਇਸ 'ਤੇ ਡਾਕਟਰਾਂ ਨੇ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ।
ਦੱਸ ਦਈਏ ਕਿ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 76 ਹੋ ਗਈ ਹੈ। ਕੇਰਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਕੁੱਲ 74 ਮਾਮਲਿਆਂ 'ਚ 56 ਭਾਰਤੀ ਅਤੇ 17 ਵਿਦੇਸ਼ੀ ਹਨ।