ਗੁਰਦਾਸਪੁਰ: ਪਿੰਡ ਢਿਲਵਾਂ 'ਚ ਅਕਾਲੀ ਦਲ ਪਾਰਟੀ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦਾ 4 ਦਿਨ ਪਹਿਲਾਂ ਪਿੰਡ ਦੇ ਹੀ ਕੁੱਝ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਹੁਣ ਤੱਕ ਇਸ ਕਤਲ ਕੇਸ ਵਿੱਚ ਕੋਈ ਵੀ ਮੁਲਜ਼ਮ ਗ੍ਰਿਫ਼ਤਾਰ ਨਾ ਹੋਣ ਕਰਕੇ ਵੀਰਵਾਰ ਨੂੰ ਅਕਾਲੀ ਦਲ ਦੇ ਆਲਾ ਆਗੂ ਤੇ ਪਰਿਵਾਰ ਵਾਲਿਆਂ ਨੇ ਬਟਾਲਾ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ 2 ਦਿਨਾਂ 'ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ।ਦੱਸਣਯੋਗ ਹੈ ਇਸ ਕੇਸ 'ਚ ਪਹਿਲਾਂ ਇਹ ਸਾਹਮਣੇ ਆਇਆ ਸੀ ਕਿ ਇਹ ਕਤਲ ਦੀ ਜ਼ਮੀਨੀ ਵਿਵਾਦ ਦੇ ਚਲਦੇ ਹੋਇਆ ਹੈ ਪਰ ਪਰਿਵਾਰ ਨੇ ਇਲਜ਼ਾਮ ਲਇਆ ਸੀ ਕਿ ਇਹ ਰਾਜਨੀਤਿਕ ਰੰਜਿਸ਼ ਦੇ ਚਲਦੇ ਕਤਲ ਹੋਇਆ ਹੈ।
ਇਸ ਮੌਕੇ ਅਕਾਲੀ ਆਗੂ ਰਵਿਕਰਨ ਸਿੰਘ ਕਹਲੋਂ ਅਤੇ ਸੁਖਜਿੰਦਰ ਸਿੰਘ ਲੰਗਾਹ ਨੇ ਕਿਹਾ ਦੀ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਦੇ ਦੋਸ਼ੀ ਜੇ ਆਉਣ ਵਾਲੇ 2 ਦਿਨ ਵਿੱਚ ਗ੍ਰਿਫ਼ਤਾਰ ਨਹੀਂ ਹੋਏ ਤਾਂ ਅਕਾਲੀ ਦਲ ਪਾਰਟੀ ਇਨਸਾਫ਼ ਲਈ ਆਪਣੀ ਅਗਲੀ ਰਣਨੀਤੀ ਤੈਅ ਕਰੇਗੀ। ਇਸ ਤੋਂ ਬਾਅਦ ਵੀ ਜੇ ਇਨਸਾਫ਼ ਮਿਲਣ 'ਚ ਦੇਰੀ ਹੋਈ ਤਾਂ ਉਹ ਧਰਨਾ ਪ੍ਰਦਰਸ਼ਨ ਵੀ ਕਰਨਗੇ।
ਪੁਲਿਸ ਅਧਿਕਾਰੀ ਜਸਬੀਰ ਰਾਏ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਮਲਾ ਬਹੁਤ ਅਹਿਮ ਹੈ। ਇਸ ਕੇਸ ਵਿੱਚ ਉਨ੍ਹਾਂ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਜਗ੍ਹਾ ਜਗ੍ਹਾ 'ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੇਤੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।